ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਅਕਤੂਬਰ
ਧਾਰਮਿਕ ਸਮਾਗਮਾਂ ਅਤੇ ਰੀਤੀ ਰਿਵਾਜਾਂ ਸਮੇਂ ਸਿੱਖਾਂ ਦੀਆਂ ਉੱਚ ਜਾਤਾਂ ਵਾਲਿਆਂ ਵੱਲੋਂ ਛੋਟੀਆਂ ਸਿੱਖ ਜਾਤਾਂ ਨਾਲ ਵਿਤਕਰਾ ਕੀਤੇ ਜਾਣ ਦੀਆਂ ਸ਼ਿਕਾਇਤਾਂ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਨੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਚਾਰ ਹਫ਼ਤਿਆਂ ਵਿੱਚ ਜਾਂਚ ਰਿਪੋਰਟ ਦੇਣ ਲਈ ਆਖਿਆ ਹੈ। ਕਮਿਸ਼ਨ ਵੱਲੋਂ ਇਸ ਸਬੰਧੀ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਭੇਜਿਆ ਗਿਆ ਅਤੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਯੋਗ ਕਾਰਵਾਈ ਕੀਤੀ ਜਾਵੇ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਸਬੰਧ ਵਿਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਛੋਟੀਆਂ ਜਾਤਾਂ ਦੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਮਾਮਲਾ ਉਭਾਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਕਮਿਸ਼ਨ ਕੋਲ ਪੁੱਜੀਆਂ ਹਨ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅੰਮ੍ਰਿਤ ਸੰਚਾਰ ਵੇਲੇ ਵੀ ਇਸੇ ਤਰ੍ਹਾਂ ਵਿਤਕਰਾ ਹੁੰਦਾ ਹੈ। ਉੱਚੀਆਂ ਜਾਤਾਂ ਦੇ ਸਿੱਖਾਂ ਵਾਸਤੇ ਅਤੇ ਛੋਟੀਆਂ ਜਾਤਾਂ ਦੇ ਸਿੱਖਾਂ ਵਾਸਤੇ ਵੱਖਰਾ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਲੰਗਰ ਵੇਲੇ ਵੀ ਛੋਟੀਆਂ ਜਾਤਾਂ ਦੇ ਸਿੱਖਾਂ ਦੀ ਵੱਖਰੀ ਪੰਗਤ ਬਣਾਈ ਜਾਂਦੀ ਹੈ ਅਤੇ ਉਨ੍ਹਾਂ ਲਈ ਵੱਖਰੇ ਭਾਂਡੇ ਰੱਖੇ ਜਾਂਦੇ ਹਨ।