ਪੱਤਰ ਪ੍ਰੇਰਕ
ਰੂਪਨਗਰ, 11 ਅਕਤੂਬਰ
ਰੂਪਨਗਰ ਜ਼ਿਲ੍ਹੇ ਦੇ ਪਿੰਡ ਆਸਪੁਰ ਕੋਟਬਾਲਾ ਅਤੇ ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਪੈਂਦੀਆਂ ਡੀ-ਸਿਲਟਿੰਗ ਸਾਈਟਾਂ ’ਤੇ ਲੋਕਾਂ ਦੇ ਵਿਰੋਧ ਕਾਰਨ ਖਣਨ ਦਾ ਕੰਮ ਅੱਜ ਦੂਜੇ ਦਿਨ ਵੀ ਸ਼ੁਰੂ ਨਾ ਹੋ ਸਕਿਆ, ਜਦੋਂਕਿ ਹਵੇਲੀ ਕਲਾਂ ਸਾਈਟ ਦਾ ਕੰਮ ਜੰਗਲੀ ਜੀਵ ਵਿਭਾਗ ਨੇ ਇਹ ਕਹਿੰਦਿਆਂ ਰੁਕਵਾ ਦਿੱਤਾ ਕਿ ਪਹਿਲਾਂ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਮਲਕੀਅਤ ਜ਼ਮੀਨ ਪੂਰੀ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਚਮਕੌਰ ਸਾਹਿਬ ਇਲਾਕੇ ਦੇ ਲੋਕ ਮੰਗ ਕਰ ਰਹੇ ਹਨ ਕਿ ਓਵਰਲੋਡ ਟਿੱਪਰਾਂ ਰਾਹੀਂ ਉਨ੍ਹਾਂ ਦੇ ਪਿੰਡਾਂ ਦੀਆਂ ਸੜਕਾਂ ਨਾ ਤੋੜੀਆਂ ਜਾਣ ਤੇ ਖਣਨ ਦਾ ਕੰਮ ਟਰੈਕਟਰ ਟਰਾਲੀਆਂ ਰਾਹੀਂ ਕੀਤਾ ਜਾਵੇ, ਜਦੋਂ ਕਿ ਪਿੰਡ ਆਸਪੁਰ ਦੇ ਲੋਕ ਮੰਗ ਕਰ ਰਹੇ ਹਨ ਕਿ ਸਿਰਸਾ ਨਦੀ ਤੋਂ ਬਾਹਰ ਪਿੰਡ ਵਾਲੇ ਪਾਸੇ ਪੱਕੀਆਂ ਜ਼ਮੀਨਾਂ ਨਾ ਪੁੱਟੀਆਂ ਜਾਣ ਤੇ ਨਦੀ ਦੇ ਦੂਜੇ ਕੰਢੇ ’ਤੇ ਖਣਨ ਕਰਨ ਵਿੱਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਿੰਡ ਵਾਸੀਆਂ ਦੇ ਵਿਰੋਧ ਉਪਰੰਤ ਮੌਕੇ ’ਤੇ ਪੁੱਜੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਤੋਂ ਲੋਕਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਡਿਪਟੀ ਕਮਿਸ਼ਨਰ ਵੱਲੋਂ ਇਸ ਮਸਲੇ ਸਬੰਧੀ ਸਥਿਤੀ ਸਪੱਸ਼ਟ ਨਹੀਂ ਕੀਤੀ ਜਾਂਦੀ, ਉਦੋਂ ਤੱਕ ਵਿਭਾਗ ਦੇ ਅਧਿਕਾਰੀਆਂ ਨੂੰ ਨਦੀ ਤੋਂ ਬਾਹਰ ਪੈਂਦੀਆਂ ਜ਼ਮੀਨਾਂ ਨੂੰ ਪੁੱਟਣ ਤੋਂ ਰੋਕਿਆ ਜਾਵੇ। ਐਸ.ਐਚ.ਓ. ਨੇ ਲੋਕਾਂ ਦੀ ਮੰਗ ਮੁਤਾਬਿਕ ਫਿਲਹਾਲ ਖਣਨ ਦਾ ਕੰਮ ਰੁਕਵਾ ਦਿੱਤਾ।