ਬਲਵਿੰਦਰ ਰੈਤ
ਨੂਰਪੁਰ ਬੇਦੀ, 6 ਮਾਰਚ
ਸ਼ਿਵਾਲਿਕ ਦੀਆਂ ਪਹਾੜੀਆਂ ’ਚ ਸਥਿਤ ਪਿੰਡ ਖੇੜਾ ਕਲਮੌਟ ਵਿੱਚ ਮਾਈਨਿੰਗ ਮਾਫੀਏ ਵੱਲੋਂ ਲੰਮੇ ਸਮੇਂ ਤੋਂ ਕੁਦਰਤੀ ਸਰੋਤਾਂ ਨਾਲ ਛੇੜਛਾੜ ਕਰਦਿਆਂ ਸ਼ਿਵਾਲਿਕ ਦੀਆਂ ਪਹਾੜੀਆਂ ਗੈਰਕਾਨੂੰਨੀ ਤੌਰ ’ਤੇ ਪੱਧਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਇਲਾਕੇ ਵਿੱਚ ਲੱਗੇ ਦਰਜਨਾਂ ਸਟੋਰ ਕਰੱਸ਼ਰਾਂ ਨੇ ਸੈਂਕੜੇ ਏਕੜ ਪਹਾੜੀਆਂ ਆਪਣੀ ਲਪੇਟ ਵਿੱਚ ਲੈ ਲਈਆਂ ਹਨ ਅਤੇ ਪਹਾੜ ਬਿਲਕੁਲ ਪੱਧਰੇ ਕਰ ਦਿੱਤੇ ਹਨ। ਇਥੋਂ ਤੱਕ ਕਿ ਮਾਈਨਿੰਗ ਮਾਫੀਏ ਨੇ ਪਹਾੜੀਆਂ ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਅਤੇ ਮੰਦਰ ਨੇੜਲੇ ਪਹਾੜ ਵੀ ਪੱਧਰੇ ਕਰ ਦਿੱਤੇ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਦੀਆਂ ਇਮਾਰਤਾਂ ਕਦੇ ਵੀ ਡਿੱਗ ਸਕਦੀਆਂ ਹਨ।
ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਸ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮਾਈਨਿੰਗ ਮਾਫੀਏ ਦੇ ਲੋਕ ਬਿਨਾਂ ਕਿਸੇ ਡਰ ਤੋਂ ਆਪਣੀਆਂ ਪੋਕਲੈਨ ਮਸ਼ੀਨਾਂ ਰਾਹੀ ਪਹਾੜੀਆਂ ਕੱਟ ਰਹੇ ਸਨ। ਸਟੋਨ ਕਰੱਸ਼ਰਾਂ ’ਤੇ ਸੈਂਕੜੇ ਟਨ ਕੱਚਾ ਮਾਲ ਪਿਆ ਸੀ। ਇੰਝ ਲੱਗ ਰਿਹਾ ਸੀ ਜਿਵੇਂ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਾ ਹੋਵੇ। ਜ਼ਿਲ੍ਹਾ ਪ੍ਰਸ਼ਾਸਨ ਇਸ ਮਾਫੀਆ ਅੱਗੇ ਬੇਵੱਸ ਲੱਗ ਰਿਹਾ ਸੀ। ਇਲਾਕੇ ਦੇ ਲੋਕ ਇਸ ਮਾਈਨਿੰਗ ਮਾਫੀਆ ਤੋਂ ਬਹੁਤ ਪ੍ਰੇਸ਼ਾਨ ਹਨ।
ਖੇੜਾ ਕਲਮੌਟ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਪਰ ਮਾਈਨਿੰਗ ਮਾਫੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਵੱਲੋਂ ਲਾਏ ਗਏ ਦਰੱਖਤ ਵੀ ਮਾਫੀਆ ਵੱਲੋਂ ਵੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਪਹਾੜ ਕੱਟੇ ਜਾਂਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਜਾਵੇਗਾ ਅਤੇ ਕਿਸਾਨੀ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮਾਫੀਆ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ: ਐੱਸਡੀਓ
ਮਾਈਨਿੰਗ ਵਿਭਾਗ ਦੇ ਐੱਸਡੀਓ ਨਵਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਨਾਜਾਇਜ਼ ਮਾਈਨਿੰਗ ਰੋਕਣ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਨੰਗਲ ਦੇ ਤਹਿਸੀਲਦਾਰ ਵੀ ਮੈਂਬਰ ਹਨ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।