ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ਿਲ੍ਹੇ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ ਸ਼ਿਕੰਜਾ ਕਸਦਿਆਂ ਮਾਈਨਿੰਗ ਵਿਭਾਗ ਨੇ ਪਿੰਡਾਂ ਪਲਾਟਾ, ਨਾਨਗਰਾਂ ਤੇ ਭੱਲੜੀ ਵਿਖੇ ਬਿਨਾਂ ਰਜਿਸਟ੍ਰੇਸ਼ਨ ਦੇ ਮਾਈਨਿੰਗ ਕਰ ਰਹੇ 3 ਕਰੱਸ਼ਰਾਂ ਦੇ ਮਾਲਕਾਂ ਖਿਲਾਫ਼ ਕੇਸ ਦਰਜ ਕਰਨ ਲਈ ਪੁਲੀਸ ਨੂੰ ਪੱਤਰ ਜਾਰੀ ਕੀਤਾ ਹੈ। ਮਾਈਨਿੰਗ ਵਿਭਾਗ ਵੱਲੋਂ ਬੰਦ ਕੀਤੇ ਤਿੰਨ ਕਰੱਸ਼ਰ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਖਤਮ ਹੋ ਗਈ ਹੈ, ਦੇ ਬਾਅਦ ਮਾਈਨਿੰਗ ਕਰਦੇ ਪਾਏ ਗਏ। ਇਨ੍ਹਾਂ ’ਚੋਂ ਇਕ ਕਰੱਸ਼ਰ ਨੂਰਪੁਰ ਬੇਦੀ ਇਲਾਕੇ ਅਤੇ 2 ਨੰਗਲ ’ਚ ਹਨ।
ਮਾਈਨਿੰਗ ਅਫਸਰ ਰੂਪਨਗਰ ਵੱਲੋਂ ਐੱਫਆਈਆਰ ਦਰਜ ਕਰਨ ਲਈ ਜਾਰੀ ਕੀਤੇ ਪੱਤਰ ਜੋ 1 ਤੋਂ 2 ਦਿਨ ਪਹਿਲਾਂ ਹੀ ਸਬੰਧਿਤ ਥਾਣਿਆਂ ’ਚ ਪ੍ਰਾਪਤ ਹੋਏ ਹਨ, ਵਿੱਚ ਕਿਹਾ ਗਿਆ ਕਿ ਸਰਕਾਰ ਦੇ ਲੀਗਲ ਠੇਕੇਦਾਰ ਤੋਂ ਪ੍ਰਾਪਤ ਹੋਈ ਸ਼ਿਕਾਇਤ ਤਹਿਤ ਉਨ੍ਹਾਂ ਵੱਲੋਂ 1 ਅਕਤੂਬਰ ਨੂੰ ਮੈਸ. ਬਾਬਾ ਜੀ ਸਟੋਨ ਕਰੱਸ਼ਰ ਪਿੰਡ ਨਾਨਗਰਾਂ, ਭੱਲਾ ਸਟੋਨ ਕਰੱਸ਼ਰ ਪਿੰਡ ਭੱਲੜੀ ਅਤੇ ਪੰਕਜ ਸਟੋਨ ਕਰੱਸ਼ਰ ਪਿੰਡ ਪਲਾਟਾ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਪਲਾਂਟ ਮਾਲਕਾਂ ਵੱਲੋਂ ਪਲਾਂਟ ਨਾਲ ਸਬੰਧਿਤ ਦਸਤਾਵੇਜ਼ ਪੇਸ਼ ਨਹੀਂ ਕੀਤੇ। ਜਦਕਿ ਪਲਾਂਟਾਂ ’ਤੇ ਕਾਫੀ ਮਾਤਰਾ ’ਚ ਕੱਚਾ/ਪੱਕਾ ਮਾਲ ਪਿਆ ਹੋਇਆ ਸੀ ਤੇ ਸਟਾਕ ਸਬੰਧੀ ਉਹ ਕੋਈ ਲੀਗਲ ਸੋਰਸ ਨਹੀਂ ਦਰਸਾ ਸਕੇ। ਇਸ ਤੋਂ ਜਾਪਦਾ ਹੈ ਕਿ ਇਹ ਸਟਾਕ ਗੈਰ ਕਾਨੂੰਨੀ ਹੈ। ਇਸ ਲਈ ਕਰੱਸ਼ਰ ਮਾਲਕਾਂ ਵਿਰੁੱਧ ਮਾਈਨਿੰਗ ਐਂਡ ਮਿਨਰਲ ਐਕਟ, ਛੋਟੇ ਖਣਿਜਾਂ ਦੀ ਚੋਰੀ ਕਰਨ ਦੇ ਨਾਲ-ਨਾਲ ਢੋਆ-ਢੁਆਈ ਕਰਨ ਦੇ ਜੁਰਮ ਹੇਠ ਕੇਸ ਦਰਜ ਕੀਤਾ ਜਾਵੇ। ਮਾਈਨਿੰਗ ਅਫਸਰ ਨੇ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਵੱਖਰਾ ਪੱਤਰ ਲਿਖ ਕੇ ਕਿਹਾ ਹੈ ਕਿ ਇਨ੍ਹਾਂ ਕਰੱਸ਼ਰਾਂ ਦੀ ਰਜਿਸਟਰੇਸ਼ਨ ਮੁਅੱਤਲ ਕੀਤੀ ਗਈ ਹੈ। ਇਸ ਸਬੰਧੀ ਮਾਈਨਿੰਗ ਅਧਿਕਾਰੀ ਵਿਪਨ ਕੰਬੋਜ ਨੇ ਆਖਿਆ ਕਿ ਉਨ੍ਹਾਂ ਵੱਲੋਂ ਵਿਭਾਗੀ ਰੂਪ ’ਚ ਅਗਲੇਰੀ ਕਾਰਵਾਈ ਲਈ ਸ਼ਿਕਾਇਤ ਭੇਜ ਦਿੱਤੀ ਗਈ ਹੈ ਤੇ ਮਾਮਲਾ ਦਰਜ ਕਰਨ ’ਚ ਕੇਵਲ ਪੁਲੀਸ ਵੱਲੋਂ ਦੇਰੀ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਦੋਵੇਂ ਥਾਣਾ ਮੁਖੀਆਂ ਦਾ
ਇਸ ਸਬੰਧੀ ਥਾਣਾ ਨੂਰਪੁਰ ਬੇਦੀ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ ਇਕ ਦਿਨ ਪਹਿਲਾਂ ਹੀ ਉਕਤ ਵਿਭਾਗੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਜਿਸ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਨੰਗਲ ਥਾਣੇ ਦੇ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਉਕਤ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਤੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।