ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਅਕਤੂਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਹੋਈ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਦੇ ਵਫ਼ਦ ਦੀ ਮੀਟਿੰਗ ਬੇਸਿੱਟਾ ਰਹੀ, ਜਿਸ ਮਗਰੋਂ ਪਿਛਲੇ ਚਾਰ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਡਟੇ ਹੋਏ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਐਲਾਨ ਕੀਤਾ ਹੈ ਕਿ ਭਲਕੇ 13 ਅਕਤੂਬਰ ਤੋਂ ਟੈਂਕੀ ਉਪਰ ਅਤੇ ਟੈਂਕੀ ਹੇਠਾਂ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਇਹ ਸ਼ਰਤ ਰੱਖੀ ਗਈ ਸੀ ਕਿ ਪਹਿਲਾਂ ਸੁਰਿੰਦਰਪਾਲ ਗੁਰਦਾਸਪੁਰ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਜਾਵੇ, ਪਰ ਸੰਘਰਸ਼ ਕਮੇਟੀ ਦੇ ਵਫ਼ਦ ਨੇ ਮੌਕੇ ’ਤੇ ਹੀ ਸਪੱਸ਼ਟ ਜਵਾਬ ਦੇ ਦਿੱਤਾ। ਸਿੱਖਿਆ ਮੰਤਰੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਮੀਟਿੰਗ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਬਿਨਾਂ ਹੀ ਖ਼ਤਮ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿਛਲੇ ਦਸ ਦਿਨਾਂ ਤੋਂ ਸੰਗਰੂਰ ਵਿੱਚ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਚੱਲ ਰਿਹਾ ਸੀ, ਜਿਸ ਨੂੰ ਬੀਤੇ ਕੱਲ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਤੈਅ ਕਰਾਉਣ ਦਾ ਭਰੋਸਾ ਦੇਣ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮੌਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਐਲਾਨ ਕੀਤਾ ਸੀ ਕਿ ਉਹ ਉਦੋਂ ਤੱਕ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ, ਜਦੋਂ ਤੱਕ ਪੰਜਾਬ ਸਰਕਾਰ 2364 ਈਟੀਟੀ ਅਸਾਮੀਆਂ ਦੀ ਭਰਤੀ ਬਹਾਲ ਕਰਾਉਣ ਲਈ ਅਦਾਲਤ ਵਿੱਚ ਹਲਫਨਾਮਾ ਦਾਇਰ ਨਹੀਂ ਕਰਦੀ।
ਬੀਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ
ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਦੀ ਅੱਜ ਸਿੱਖਿਆ ਵਿਭਾਗ ਹਰਜੋਤ ਸਿੰਘ ਬੈਂਸ ਨਾਲ ਕਾਂਗਰਸ ਸਰਕਾਰ ਵੱਲੋਂ ਜਾਰੀ 4161 ਮਾਸਟਰ ਕੇਡਰ ਅਸਾਮੀਆਂ ਦੀਆਂ ਉੱਤਰ ਕੁੰਜੀਆਂ ਵਿੱਚ ਦਰੁਸਤੀ ਕਰਵਾਉਣ ਸਮੇਤ, 55 ਫ਼ੀਸਦ ਸ਼ਰਤ ਰੱਦ ਕਰਵਾਉਣ, ਬਾਹਰਲੇ ਰਾਜਾਂ ਦੇ ਉਮੀਦਵਾਰਾਂ ਦਾ ਪੰਜਾਬ ਦੀਆਂ ਨੌਕਰੀਆਂ ’ਤੇ ਡਾਕਾ ਰੁਕਵਾਉਣ ਤੇ ਲੈਕਚਰਾਰ ਭਰਤੀ ਵਿੱਚੋਂ ਬਾਹਰ ਕੀਤੇ ਵਿਸ਼ੇ ਮੁੜ ਸ਼ਾਮਲ ਕਰਵਾਉਣ ਦੀ ਮੰਗ ਸਬੰਧੀ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਵਲੋਂ 16 ਅਕਤੂਬਰ ਨੂੰ ਮੁੜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਪੈਨਲ ਮੀਟਿੰਗ ਤੈਅ ਕਰਵਾਉਣ ਦੇ ਬਾਵਜੂਦ ਅੱਜ ਮੀਟਿੰਗ ਵਿੱਚ ਸਿਰਫ਼ ਸਿੱਖਿਆ ਮੰਤਰੀ ਹੀ ਸ਼ਾਮਲ ਹੋਏ, ਪਰ ਉਨ੍ਹਾਂ ਵੀ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਸਬੰਧੀ ਦਿਖਾਏ ਨਾਂ ਪੱਖੀ ਰਵੱਈਏ ਕਾਰਨ ਹੁਣ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ 16 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨਗੇ।