ਪੱਤਰ ਪ੍ਰੇਰਕ
ਸ਼ਹਿਣਾ, 12 ਜੁਲਾਈ
ਪਿੰਡ ਗਿੱਲ ਕੋਠੇ ਵਾਸੀ ਇੱਕ ਵਿਅਕਤੀ ਨੇ ਠੱਗੇ ਜਾਣ ਮਗਰੋਂ ਦਰੱਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇੱਕ ਏਜੰਟ ਨੇ ਪਾਲ ਸਿੰਘ ਦੇ ਪੁੱਤਰ ਜਸਵੰਤ ਨੂੰ ਪੁਰਤਗਾਲ ਭੇਜਣ ਲਈ ਪੰਜ ਲੱਖ ਰੁਪਏ ਲਏ ਸਨ। ਇਸ ਮਗਰੋਂ ਏਜੰਟ ਨੇ ਜਸਵੰਤ ਨੂੰ ਨਾ ਤਾਂ ਪੁਰਤਗਾਲ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ। ਪਾਲ ਸਿੰਘ ਨੇ ਪੈਸਿਆਂ ਦੀ ਵਾਪਸੀ ਲਈ ਏਜੰਟ ਨਾਲ ਕਈ ਵਾਰ ਵੀ ਸੰਪਰਕ ਕੀਤਾ, ਪਰ ਉਸ ਨੇ ਜਵਾਬ ਦੇ ਦਿੱਤਾ। ਪੈਸੇ ਵਾਪਸ ਨਾ ਮਿਲਣ ਕਾਰਨ ਪਾਲ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅੱਜ ਉਸ ਨੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐੱਸਐੱਚਓ ਅਜੈਬ ਸਿੰਘ ਨੇ ਦੱਸਿਆ ਕਿ ਏਜੰਟ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭਾਗਲ ਜ਼ਿਲ੍ਹਾ ਕੈਥਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।