ਚਰਨਜੀਤ ਭੁੱਲਰ
ਚੰਡੀਗੜ੍ਹ, 29 ਦਸੰਬਰ
2020 ਦਾ ਪਹਿਲਾ ਅੱਧਾ ਵਰ੍ਹਾ ਤਾਂ ਕੋਵਿਡ ਦੀ ਭੇਟ ਚੜ੍ਹ ਗਿਆ ਜਦੋਂਕਿ ਬਾਕੀ ਸਮਾਂ ਕਾਂਗਰਸ ਨੇ ਖੇਤੀ ਕਾਨੂੰਨ ਖਿਲਾਫ਼ ਮੋਰਚਾ ਖੋਲ੍ਹਿਆ। ਚਾਲੂ ਵਰ੍ਹੇ ਦੇ ਪਹਿਲੇ ਮਹੀਨੇ ਜਨਵਰੀ ’ਚ ਹੀ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ। ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਕੰਮ ਕੀਤਾ। ਕਈ ਮੌਕਿਆਂ ’ਤੇ ਪਾਰਟੀ ਵਿਧਾਇਕਾਂ ਅਤੇ ਵਜ਼ੀਰਾਂ ਦੀ ਵੀ ਮਦਦ ਲਈ ਗਈ।
ਕਾਂਗਰਸ ਹਾਈ ਕਮਾਨ ਨੇ ਪਹਿਲਾਂ ਪਾਰਟੀ ਦੇ ਢਾਂਚੇ ਦਾ ਐਲਾਨ ਕੋਵਿਡ ਅਲਾਮਤ ਕਰਕੇ ਟਾਲ ਦਿੱਤਾ ਅਤੇ ਜਦੋਂ ਜਥੇਬੰਦਕ ਢਾਂਚੇ ਲਈ ਸੂਚੀ ਤਿਆਰ ਹੋ ਗਈ ਤਾਂ ਖੇਤੀ ਕਾਨੂੰਨਾਂ ਦਾ ਮਾਮਲਾ ਸਾਹਮਣੇ ਆ ਗਿਆ। ਵਿਰੋਧੀ ਧਿਰਾਂ ਦੇ ਹੱਲੇ ਖ਼ਿਲਾਫ਼ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਹੀ ਟਾਕਰਾ ਕੀਤਾ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਾਫੀ ਭੱਜ-ਨੱਠ ਕਰਦੇ ਨਜ਼ਰ ਆਏ। ਖੇਤੀ ਕਾਨੂੰਨਾਂ ਸਬੰਧੀ ਪਾਰਟੀ ਦੀ ਮੁੱਖ ਪ੍ਰਾਪਤੀ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰ ਦੁਆਰਾ ਬਣਾਏ ਕਾਨੂੰਨਾਂ ਵਿਰੁੱਧ ਸੂਬੇ ਦੇ ਬਦਲਵੇਂ ਕਾਨੂੰਨ ਬਣਾਉਣਾ ਸੀ।
ਕਾਂਗਰਸ ਵਿੱਚ ਵਿਧਾਇਕ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਸੁਰਖੀਆਂ ਵਿੱਚ ਰਹੇ। ਇਹ ਪ੍ਰਾਪਤੀ ਰਹੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਰਮਿਆਨ ਇਸ ਵਰ੍ਹੇ ਵਿਚ ਨੇੜਤਾ ਬਣੀ ਹੈ। ਨਵਜੋਤ ਸਿੱਧੂ ਆਪਣੇ ਬਾਗੀ ਸੁਰਾਂ ਕਰਕੇ ਚਰਚਾ ਵਿਚ ਰਹੇ। ਕਾਂਗਰਸੀ ਆਗੂ ਰਾਹੁਲ ਗਾਂਧੀ ਜਦੋਂ 4 ਅਕਤੂਬਰ ਨੂੰ ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਟਰੈਕਟਰ ਰੈਲੀ ਲਈ ਤਿੰਨ ਦਿਨਾ ਦੌਰੇ ਲਈ ਪੁੱਜੇ ਤਾਂ ਪਹਿਲੇ ਦਿਨ ਬੱਧਣੀ ਕਲਾਂ ਦੀ ਸਟੇਜ ਤੋਂ ਨਵਜੋਤ ਸਿੱਧੂ ਨੇ ਤਿੱਖੇ ਤੇਵਰ ਦਿਖਾਏ।
ਨਵਜੋਤ ਸਿੱਧੂ ਦੇ ਇਨ੍ਹਾਂ ਤਿੱਖੇ ਤੇਵਰਾਂ ਦੀ ਆਲੋਚਨਾ ਵੀ ਹੋਈ। ਇਸ ਵਰ੍ਹੇ ਦੌਰਾਨ ਹੀ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਛੁੱਟੀ ਕਰ ਦਿੱਤੀ ਅਤੇ 13 ਸਤੰਬਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੀ ਵਾਗਡੋਰ ਹਰੀਸ਼ ਰਾਵਤ ਨੂੰ ਸੌਂਪ ਦਿੱਤੀ। ਹਰੀਸ਼ ਰਾਵਤ ਨੇ ਪੰਜਾਬ ਦੇ ਕਈ ਦੌਰੇ ਕੀਤੇ ਅਤੇ ਉਨ੍ਹਾਂ ਨੇ ਆਪਣਾ ਜ਼ੋਰ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਲੀਆਂ ਦੂਰੀਆਂ ਘਟਾਉਣ ’ਤੇ ਲਾਇਆ।
ਸ੍ਰੀ ਰਾਵਤ ਦੋ ਵਾਰ ਨਵਜੋਤ ਸਿੱਧੂ ਨੂੰ ਰਾਜ਼ੀ ਕਰਨ ਵਾਸਤੇ ਅੰਮ੍ਰਿਤਸਰ ਵੀ ਗਏ। ਚੰਡੀਗੜ੍ਹ ਵਿੱਚ ਨਵਜੋਤ ਸਿੱਧੂ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ। ਹਰੀਸ਼ ਰਾਵਤ ਨੇ ਅਮਰਿੰਦਰ ਸਿੰਘ ਨੂੰ ਰਜ਼ਾਮੰਦ ਕੀਤਾ ਜਿਸ ਕਾਰਨ ਨਵਜੋਤ ਸਿੱਧੂ ਨੂੰ ਮੁੜ ਕੈਬਨਿਟ ਵਿਚ ਲਿਆਉਣ ਲਈ ਯੋਜਨਾਬੰਦੀ ਬਣੀ। ਖੇਤੀ ਕਾਨੂੰਨਾਂ ਖ਼ਿਲਾਫ਼ ਲੱਗੇ ਦਿੱਲੀ ਮੋਰਚੇ ਕਰਕੇ ਨਵਜੋਤ ਸਿੱਧੂ ਦੀ ਵਜ਼ਾਰਤ ਵਿੱਚ ਵਾਪਸੀ ਟਲ ਗਈ ਹੈ। ਪੰਜਾਬ ਕਾਂਗਰਸ ’ਚ ਇਸ ਵਰ੍ਹੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਐੱਮਪੀ ਸ਼ਮਸ਼ੇਰ ਸਿੰਘ ਦੂਲੋ ਨਾਲ ਵੀ ਖਟਾਸ ਬਣੀ ਰਹੀ। ਇਸ ਦਾ ਵੱਡਾ ਕਾਰਨ ਸ਼ਰਾਬ ਮਾਫੀਆ ਬਣਿਆ।
ਪੰਜਾਬ ਵਿਚ ਮਾਫੀਆ ਦੇ ਬੋਲਬਾਲੇ ਕਰਕੇ ਪੰਜਾਬ ਸਰਕਾਰ ਤੋਂ ਇਲਾਵਾ ਕਾਂਗਰਸ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਹੋਣਾ ਪਿਆ। ਮਾਝੇ ਵਿੱਚ ਸ਼ਰਾਬ ਮਾਫੀਆ ਦੀ ਬਦੌਲਤ ਸੈਂਕੜੇ ਜਾਨਾਂ ਚਲੇ ਜਾਣ ਮਗਰੋਂ ਕਾਂਗਰਸ ਵੀ ਨਿਸ਼ਾਨੇ ’ਤੇ ਆ ਗਈ। ਐੱਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਐੱਮਪੀ ਸ਼ਮਸ਼ੇਰ ਸਿੰਘ ਦੂਲੋ ਨੇ ਜਦੋਂ ਸ਼ਰਾਬ ਮਾਫੀਆ ਦੇ ਮਾਮਲੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖੁੱਲ੍ਹ ਕੇ ਮੁੱਖ ਮੰਤਰੀ ਦੀ ਪਿੱਠ ’ਤੇ ਆ ਗਏ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੋਵਾਂ ਸੰਸਦ ਮੈਂਬਰਾਂ ਨੂੰ ਪਾਰਟੀ ’ਚੋਂ ਚੱਲਦਾ ਕਰ ਦੇਣ ਲਈ ਹਾਈ ਕਮਾਨ ਤੋਂ ਮੰਗ ਕੀਤੀ। ਵਜ਼ੀਫਾ ਘਪਲੇ ਕਰਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਵਿਰੋਧੀ ਧਿਰਾਂ ਨੇ ਘੇਰਿਆ। ਕਾਂਗਰਸ ਨੂੰ ਵੀ ਧਰਮਸੋਤ ਦੇ ਬਚਾਅ ਲਈ ਮੁਹਿੰਮ ਚਲਾਉਣੀ ਪਈ। ਵਿਰੋਧੀ ਧਿਰਾਂ ਨੇ ਸੁਨੀਲ ਜਾਖੜ ’ਤੇ ਵੀ ਨਿਸ਼ਾਨੇ ਲਾਏ। ਕਾਂਗਰਸ ਤਰਫੋਂ ਖੇਤੀ ਕਾਨੂੰਨਾਂ ਖ਼ਿਲਾਫ਼ ਤਿੰਨ ਦਿਨਾ ਟਰੈਕਟਰ ਮਾਰਚ ਤੋਂ ਇਲਾਵਾ 14 ਦਸੰਬਰ ਨੂੰ ਸ਼ੰਭੂ ਬਾਰਡਰ ’ਤੇ ਰੈਲੀ ਵੀ ਕੀਤੀ ਗਈ। ਪੰਜਾਬ ਕਾਂਗਰਸ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹੀ ਰੱਖਿਆ। ਕਾਂਗਰਸ ਨੇ 4 ਨਵੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਵੀ ਦਿੱਤਾ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਵਿਧਾਇਕ ਪੁੱਜੇ।
ਕਾਂਗਰਸ ਨੇ ਦੀਵਾਲੀ ਮਗਰੋਂ ਦਿੱਲੀ ਵਿਚ ਰੈਗੂਲਰ ਧਰਨੇ ਦਾ ਐਲਾਨ ਕੀਤਾ ਸੀ ਪ੍ਰੰਤੂ ਮਗਰੋਂ ਇਹ ਸ਼ੁਰੂ ਨਹੀਂ ਹੋ ਸਕਿਆ। ਹੁਣ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤਰਫੋਂ ਜੰਤਰ ਮੰਤਰ ਵਿਚ ਧਰਨਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਅਤੇ ਬਲਾਕ ਪੱਧਰੀ ਢਾਂਚਾ ਨਾ ਹੋਣ ਕਰਕੇ ਕਾਂਗਰਸੀ ਵਰਕਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਸਰਕਾਰੀ ਦਰਬਾਰੇ ਵੀ ਕਾਂਗਰਸੀ ਵਰਕਰਾਂ ਨੂੰ ਅਫਸਰਸ਼ਾਹੀ ਨੇ ਥੜ੍ਹੇ ਨਹੀਂ ਚੜ੍ਹਨ ਦਿੱਤਾ।ਪੂਰਾ ਵਰ੍ਹਾ ਪੰਜਾਬ ਵਿਚ ਅਫਸਰਸ਼ਾਹੀ ਭਾਰੂ ਹੋਣ ਦਾ ਰੌਲਾ ਪੈਂਦਾ ਰਿਹਾ ਪ੍ਰੰਤੂ ਕਾਂਗਰਸੀ ਵਰਕਰਾਂ ਦੀ ਥਾਂ ਜਿੱਤ ਅਫਸਰਸ਼ਾਹੀ ਦੀ ਹੋਈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਫਸਰਸ਼ਾਹੀ ’ਤੇ ਤਵੇ ਲਾਏ ਕਿ ਅਫਸਰਸ਼ਾਹੀ ’ਚੋਂ ਨੀਲੀਆਂ ਪੱਗਾਂ ਵਾਲਾ ‘ਕਲਚਰ’ ਹਾਲੇ ਗਿਆ ਨਹੀਂ। ਅਫ਼ਸਰਾਂ ਦੀ ਤੂਤੀ ਬੋਲ੍ਹਣ ਕਰਕੇ ਕਾਂਗਰਸੀ ਆਗੂ ਅਤੇ ਵਰਕਰ ਕਈ ਵਾਰ ਠੱਗੇ ਜਾਣ ਵਾਂਗ ਮਹਿਸੂਸ ਕਰਦੇ ਰਹੇ। ਕਾਂਗਰਸ ਨੂੰ ਕੋਵਿਡ ਅਤੇ ਖੇਤੀ ਕਾਨੂੰਨਾਂ ਕਰਕੇ ਰਾਹਤ ਮਿਲੀ। ਚੋਣਾਂ ਵਿਚ ਕੀਤੇ ਵਾਅਦਿਆਂ ਤੇ ਉਠਣ ਵਾਲੇ ਸੁਆਲਾਂ ਨੂੰ ਲੈ ਕੇ ਕਾਂਗਰਸ ਨੂੰ ਕੋਵਿਡ ਦੀ ਢਾਰਸ ਮਿਲ ਗਈ।
ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿਲੋਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਖੇਤੀ ਕਾਨੂੰਨਾਂ ਨੂੰ ਲੈ ਕੇ ਯੂਥ ਕਾਂਗਰਸ ਨੇ ਧਰਨੇ ਮੁਜ਼ਾਹਰੇ ਕੀਤੇ। ਚੰਡੀਗੜ੍ਹ ਵਿੱਚ ਯੂਥ ਕਾਂਗਰਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲੀਸ ਦੇ ਵਿਰੋਧ ਕਰਕੇ ਪਿੱਛੇ ਹਟਣਾ ਪਿਆ। ਇਸੇ ਤਰ੍ਹਾਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਦੀ ਅਗਵਾਈ ਵਿਚ ਕਰੋਨਾ ਦੌਰਾਨ ਪ੍ਰੀਖਿਆਵਾਂ ਦੇ ਮਾਮਲੇ ਨੂੰ ਲੈ ਕੇ ਵਿਰੋਧ ਪ੍ਰੋਗਰਾਮ ਕੀਤੇ ਗਏ।