ਤਰਨ ਤਾਰਨ: ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪੰਨੂੰਆਂ ਨੇੜਿਓਂ 8 ਮਈ ਨੂੰ ਦੋ ਸ਼ੱਕੀ ਵਿਅਕਤੀਆਂ ਕੋਲੋਂ ਮਿਲੀ 2.5 ਕਿਲੋ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਸਬੰਧੀ ਮੁੱਖ ਮੁਲਜ਼ਮ ਜੋਬਨਜੀਤ ਸਿੰਘ ਜੋਬਨ ਵਾਸੀ ਅਵਾਣ ਵਸਾਓ (ਅਜਨਾਲਾ) ਨੂੰ ਜੈਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਅੱਜ ਇਥੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਬਲਜਿੰਦਰ ਸਿੰਘ ਬਿੰਦੂ ਵਾਸੀ ਗੁੱਜਰਪੁਰਾ ਅਤੇ ਜਗਤਾਰ ਸਿੰਘ ਜੱਗਾ ਵਾਸੀ ਖਾਨੋਵਾਲ ਨੂੰ ਨੌਸ਼ਹਿਰਾ ਪੰਨੂਆਂ ਤੋਂ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਦੱਸਿਆ ਉਨ੍ਹਾਂ ਲਾਲਚ ’ਚ ਜੋਬਨਜੀਤ ਦੇ ਕਹਿਣ ’ਤੇ ਧਮਾਕਾਖੇਜ਼ ਸਮੱਗਰੀ ਲਿਆਂਦੀ ਸੀ| ਐੱਸਐੱਸਪੀ ਨੇ ਦੱਸਿਆ ਕਿ ਅਦਾਲਤ ਨੇ ਅੱਜ ਜੋਬਨਜੀਤ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। -ਪੱਤਰ ਪ੍ਰੇਰਕ