ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਕਰ
ਚੰਡੀਗੜ੍ਹ/ਖਰੜ/ਮੁਹਾਲੀ, 24 ਸਤੰਬਰ
ਚੰਡੀਗੜ੍ਹ ਯੂਨੀਵਰਿਸਟੀ ਦੇ ਵਾਇਰਲ ਅਸ਼ਲੀਲ ਵੀਡੀਓ ਮਾਮਲੇ ਵਿੱਚ ਅੱਜ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਫੌਜ ਵਿੱਚ ਦੱਸਿਆ ਜਾਂਦਾ ਹੈ, ਜੋ ਇਸ ਵੇਲੇ ਅਰੁਣਾਚਲ ਪ੍ਰਦੇਸ਼ ਸਥਿਤ ਸੇਲਾ ਪਾਸ ’ਚ ਤਾਇਨਾਤ ਸੀ। ਇਸ ਦੀ ਪਛਾਣ ਸੰਜੀਵ ਸਿੰਘ, ਵਾਸੀ ਜੰਮੂ ਵਜੋਂ ਹੋਈ ਹੈ। ਅਸ਼ਲੀਲ ਵੀਡੀਓ ਮਾਮਲੇ ਵਿੱਚ ਹੁਣ ਤੱਕ ਇਹ ਚੌਥੀ ਗ੍ਰਿਫ਼ਤਾਰੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਮੁਲਜ਼ਮ ਦੀ ਤਸਵੀਰ ਸਾਂਝੀ ਕੀਤੀ ਹੈ। ਡੀਜੀਪੀ ਅਨੁਸਾਰ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਮੁਹਾਲੀ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਅਰੁਣਾਚਲ ਪ੍ਰਦੇਸ਼ ਭੇਜੀ ਗਈ ਸੀ, ਜਿਸ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੇ ਅਸਾਮ ਪੁਲੀਸ ਤੇ ਅਰੁਣਾਚਲ ਪ੍ਰਦੇਸ਼ ਦੇ ਫੌਜੀ ਅਧਿਕਾਰੀਆਂ ਦੀ ਮਦਦ ਨਾਲ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੰਜੀਵ ਹੀ ਉਹ ਸ਼ਖ਼ਸ ਹੈ, ਜੋ ਉਕਤ ਲੜਕੀ ਨੂੰ ਸੰਦੇਸ਼ ਭੇਜ ਕੇ ਫੋਟੋਆਂ ਤੇ ਵੀਡੀਓ ਬਣਾਉਣ ਲਈ ਕਹਿੰਦਾ ਸੀ। ਹੁਣ ਤੱਕ ਦੀ ਪੜਤਾਲ ਦੇ ਆਧਾਰ ’ਤੇ ਸੰਜੀਵ ਨੂੰ ਕੇਸ ਦਾ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਮੁਲਜ਼ਮ ਦਾ ਮੋਬਾਈਲ ਫੋਨ ਤੇ ਹੋਰ ਸਾਮਾਨ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਕੇਸ ਦੀ ਜਾਂਚ ਲਈ ਬਣਾਈ ਗਈ ‘ਸਿਟ’ ਦੀ ਇੰਚਾਰਜ ਰੁਪਿੰਦਰ ਕੌਰ ਭੱਟੀ ਨੇ ਇਸ ਗ੍ਰਿਫ਼ਤਾਰੀ ਕੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਮੁਲਜ਼ਮ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਬੋਮਡੀਲਾ ਥਾਂ ਦੇ ਸੀਜੀਐੱਮ ਤੋਂ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਮਗਰੋਂ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਹੁਣ ਤੱਕ ਉਕਤ ਲੜਕੀ ਸਣੇ ਸ਼ਿਮਲਾ ਦੇ ਵਸਨੀਕ ਸੰਨੀ ਤੇ ਰਕੰਜ ਵਰਮਾ ਨੂੰ ਗ੍ਰਿਫ਼ਤਾਰ ਕਤਾ ਗਿਆ ਹੈ, ਜੋ ਸੋਮਵਾਰ ਤੱਕ ਪੁਲੀਸ ਰਿਮਾਂਡ ’ਤੇ ਹਨ। ਯੂਨੀਵਰਸਿਟੀ ਵੱਲੋਂ ਫਿਲਹਾਲ ਅੱਜ ਤੱਕ ਯੂਨੀਵਰਿਸਟੀ ਬੰਦ ਕਰ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਯੂਨੀਵਰਿਸਟੀ ਖੁੱਲ੍ਹਣ ’ਤੇ ਪਤਾ ਚੱਲ ਸਕੇਗਾ ਵਿਦਿਆਰਥੀਆਂ ਦਾ ਕੀ ਰੁਖ ਹੁੰਦਾ ਹੈ।