ਪੱਤਰ ਪ੍ਰੇਰਕ
ਅਬੋਹਰ, 25 ਅਗਸਤ
ਪਿੰਡ ਬਜੀਦਪੁਰ ਕੱਟਿਆਂਵਾਲੀ ਦੇ ਵਸਨੀਕ ਸੀਤਾ ਰਾਮ (20) ਤੇ ਪਿੰਡ ਦੀ ਵਿਆਹੁਤਾ ਕਮਲੇਸ਼ (40) ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮਰਨ ਤੋਂ ਪਹਿਲਾਂ ਦੋਵਾਂ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਕੁਝ ਲੋਕਾਂ ’ਤੇ ਗੰਭੀਰ ਦੋਸ਼ ਲਾਏ ਹਨ। ਥਾਣਾ ਸਦਰ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸੀਤਾ ਰਾਮ ਦੇ ਕਮਲੇਸ਼ ਨਾਲ ਪ੍ਰੇਮ ਸਬੰਧ ਸਨ। ਕਮਲੇਸ਼ ਦੋ ਬੱਚਿਆਂ ਦੀ ਮਾਂ ਸੀ ਤੇ ਦੋਵਾਂ ਦੇ ਪਰਿਵਾਰਕ ਮੈਂਬਰ ਮਿਲਣ ਤੋਂ ਰੋਕਦੇ ਸਨ, ਜਿਸ ਕਾਰਨ ਦੋਵਾਂ ਨੇ ਬੀਤੀ ਸ਼ਾਮ ਪੰਜਾਵਾ ਮਾਈਨਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਉਨ੍ਹਾਂ ਕੁਝ ਲੋਕਾਂ ’ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੇ ਦੋਸ਼ ਲਾਏ ਹਨ। ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।