ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਗਸਤ
ਇਥੇ ਥਾਣਾ ਸਮਾਲਸਰ ਅਧੀਨ ਪੰਜਗਰਾਂਈ ਹੱਦ ਉੱਤੇ ਨਾਕਾਬੰਦੀ ਦੌਰਾਨ ਛੋਟਾ ਹਾਥੀ ਚਾਲਕ ਤੇ ਪੁਲੀਸ ਵਿਚਾਲੇ ਤਕਰਾਰ ਦੀ ਵੀਡੀਓ ਵਾਇਰਲ ਹੋਈ ਹੈ।
ਥਾਣਾ ਸਮਾਲਸਰ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਛੋਟਾ ਹਾਥੀ ਚਾਲਕ ਕੋਲ ਗੱਡੀ ਦੇ ਦਸਤਾਵੇਜ਼ ਨਹੀਂ ਸਨ। ਉਸ ਨੂੰ ਨਾਕਾਬੰਦੀ ਉੱਤੇ ਦਸਤਾਵੇਜ਼ ਚੈੱਕ ਕਰਵਾਉਣ ਲਈ ਰੋਕਿਆ ਗਿਆ ਸੀ। ਹੁਣ ਵੀਡੀਓ ਵਾਇਰਲ ਹੋਣ ਉੱਤੇ ਹੀ ਤਤਕਾਰ ਬਾਜ਼ੀ ਦਾ ਪਤਾ ਲੱਗਾ ਹੈ। ਉਨ੍ਹਾਂ ਚਾਲਕ ਨਾਲ ਕਿਸੇ ਵੀ ਪ੍ਰਕਾਰ ਦੀ ਵਧੀਕੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਵਿਡ-19 ਦੌਰਾਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਤੇ ਵਾਹਨਾਂ ਦੇ ਪੂਰੇ ਦਸਤਾਵੇਜ਼ ਨਾਲ ਰੱਖਣੇ ਚਾਹੀਦੇ ਹਨ। ਏਐੱਸਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੰਜ ਗਰਾਂਈ ਹੱਦ ਉੱਤੇ ਨਾਕਾਬੰਦੀ ਉੱਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਮੌਕੇ ਛੋਟਾ ਹਾਥੀ ਚਾਲਕ ਮੱਝ ਲਿਜਾ ਰਿਹਾ ਸੀ ਅਤੇ ਪੁਲੀਸ ਨੇ ਉਸ ਨੂੰ ਦਸਤਾਵੇਜ਼ ਚੈੱਕ ਕਰਵਾਉਣ ਲਈ ਆਖਿਆ। ਉਸ ਨੇ ਚਲਾਨ ਨਾ ਕਰਨ ਦਾ ਮਿੰਨਤ ਤਰਲਾ ਕਰਦਾ ਆਖਿਆ ਕਿ ਬਿਮਾਰੀ ਕਾਰਨ ਉਸ ਦੀ ਦੋ ਏਕੜ ਜ਼ਮੀਨ ਵਿਕ ਗਈ। ਹੁਣ ਪਰਿਵਾਰ ਪਾਲਣ ਲਈ ਕਰਜ਼ਾ ਚੁੱਕ ਕੇ ਲੌਕਡਾਊਨ ਤੋਂ ਇੱਕ ਮਹੀਨਾਂ ਪਹਿਲਾਂ ਹੀ ਵਾਹਨ ਖਰੀਦਿਆ ਸੀ। ਇਸ ਦੇ ਦਸਤਾਵੇਜ਼ ਮਾਲਕ ਕੋਲੋਂ ਲੈਣ ਹਨ। ਪਹਿਲੇ ਦਿਨ ਹੀ ਗੇੜਾ ਲਾਉਣ ਜਾ ਰਿਹਾ ਹੈ ਪਰ ਪੁਲੀਸ ਮੁਲਾਜ਼ਮ ਚਲਾਨ ਕੱਟਣ ਲਈ ਅੜ ਗਏ ਤਾਂ ਚਾਲਕ ਨੇ ਪੁਲੀਸ ਮੁਲਾਜ਼ਮਾਂ ਦੀ ਰੇਲ ਬਣਾ ਦਿੱਤੀ ਕਿਹਾ ਤੁਸੀਂ ਗਰੀਬਾਂ ਨੂੰ ਤੰਗ ਕਰਦੇ ਹੋ ਕਿਸੇ ਫਾਰਚੂਨਰ ਵਾਲੇ ਦਾ ਚਲਾਨ ਕੱਟਿਆ। ਜੇ ਤੁਸੀਂ ਮੇਰਾ ਚਲਾਣ ਕੱਟਿਆ ਤਾਂ ਉਹ ਇਥੇ ਅੱਗ ਲਗਾਕੇ ਜਿੰਦਾਂ ਸੜ ਜਾਵੇਗਾ। ਰਾਹਗੀਰਾਂ ਨੇ ਦੋਵਾਂ ਧਿਰਾਂ ਨੂੰ ਵੱਖ ਕੀਤਾ ਪਰ ਸ਼ਬਦੀ ਜੰਗ ਜਾਰੀ ਰਹੀ। ਚਾਲਕ ਨੇ ਸੀਨੀਅਰ ਅਫ਼ਸਰਾਂ ਕੋਲ ਜਾਣ ਦੀ ਗੱਲ ਆਖੀ ਤਾਂ ਨਾਕੇ ਉੱਤੇ ਤਾਇਨਾਤ ਮਹਿਲਾ ਪੁਲੀਸ ਮੁਲਾਜ਼ਮ ਨੇ ਤੈਸ਼ ਵਿੱਚ ਆਕੇ ਵਾਹਨ ਦੀ ਚਾਬੀ ਕੱਢ ਲਈ ਅਤੇ ਚਾਲਕ ਵੱਲੋਂ ਇਸ ਦਾ ਵਿਰੋਧ ਕੀਤਾ। ਉਸ ਨੇ ਆਖਿਆ ਕਿ ਉਹ ਪੰਜ ਗਰਾਂਈ ਨਾਕੇ ਉੱਤੇ ਹੈ ਜਿਹਦੇ ਕੋਲ ਮਰਜ਼ੀ ਚਲਾ ਜਾ। ਚਾਲਕ ਨੇ ਕਿਹਾ ਕਿ ਜੇ ਉਸ ਦੇ ਵਾਹਨ ਨੂੰ ਥਾਣੇ ਵਿੱਚ ਬੰਦ ਕੀਤਾ ਜਾਂ ਉਸ ਨਾਲ ਬੇਇਨਸਾਫ਼ੀ ਕੀਤੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ।