ਮਨਮੋਹਨ ਸਿੰਘ ਢਿੱਲੋਂ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 19 ਸਤੰਬਰ
ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ 200 ਅੰਕਾਂ ਦੇ ਪ੍ਰਕਾਸ਼ਨ ਦੇ ਮੌਕੇ ਅੱਜ ਪ੍ਰੀਤਨਗਰ ਸਥਿਤ ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਦੇ ਪ੍ਰੀਤ ਭਵਨ ਵਿੱਚ ਤ੍ਰੈਮਾਸਿਕ ‘ਸਿਰਜਣਾ’ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਉੱਘੇ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ। ਪੰਜਾਬੀ ਨਾਟਕਕਾਰ ਸਵਰਾਜਬੀਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਹਿਰਦੇਪਾਲ ਸਿੰਘ ਨੇ ਆਉਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਨੂੰ ‘ਜੀ ਆਇਆਂ’ ਕਿਹਾ। ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਜਦੋਂ 1965 ਵਿੱਚ ‘ਸਿਰਜਣਾ’ ਦਾ ਆਰੰਭ ਹੋਇਆ ਤਾਂ ਉਸ ਵੇਲੇ ‘ਪ੍ਰੀਤਲੜੀ’ ਸਿਖਰਾਂ ’ਤੇ ਸੀ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਡਾ. ਰਘਬੀਰ ਸਿੰਘ ਨੇ ‘ਸਿਰਜਣਾ’ ਨੂੰ ਹਮੇਸ਼ਾ ਸਮੇਂ ਦੇ ਹਾਣੀ ਬਣਾਈ ਰੱਖਿਆ। ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ‘ਸਿਰਜਣਾ’ ਦੀ ਸ਼ੁਰੂਆਤ ਸਮੇਂ ਦੀ ਵੱਡੀ ਲੋੜ ਸੀ। ਜਗੀਰ ਸਿੰਘ ਜਗਤਾਰ ਨੇ ਕਿਹਾ ਕਿ ਇਸ ਜਸ਼ਨ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਮੁਕੱਦਸ ਦਿਨ ਹੈ। ਡਾ. ਚਮਨ ਲਾਲ ਨੇ ਕਿਹਾ ਕਿ ‘ਸਿਰਜਣਾ’ ਨੇ ਸਾਹਿਤਕ ਮਿਆਰ ਅੱਜ ਵੀ ਕਾਇਮ ਰੱਖਿਆ ਹੈ। ਡਾ. ਰਘਬੀਰ ਸਿੰਘ ਨੇ ‘ਸਿਰਜਣਾ’ ਦੀ ਸ਼ੁਰੂਆਤ ਤੋਂ ਹੁਣ ਤੱਕ ਦੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ‘ਸਿਰਜਣਾ’ ਦੀ ਸ਼ੁਰੂਆਤ ਕਰਨ ਵਿੱਚ ਡਾ. ਰਘਬੀਰ ਨਾਲ ਸ਼ਾਮਲ ਰਹੇ। ਜਗੀਰ ਸਿੰਘ ਜਗਤਾਰ, ਸੁਰਿੰਦਰ ਗਿੱਲ ਤੇ ਡਾ. ਸੁਹੇਲ ਸਿੰਘ ਦੀ ਪਤਨੀ ਡਾ. ਰਘਬੀਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਗੁਲਜ਼ਾਰ ਸੰਧੂ ਨੇ ਆਪਣੀਆਂ ਨਿੱਘੀਆਂ ਯਾਦਾਂ ਤੇ ਤਜਰਬੇ ਸਾਂਝੇ ਕੀਤੇ। ਼ਡਾ. ਸਤੀਸ਼ ਵਰਮਾ ਨੇ ਖੂਬਸੂਰਤ ਸ਼ਬਦਾਂ ਨਾਲ ਮੰਚ ਸੰਚਾਲਨ ਕਰਦਿਆਂ ਡਾ. ਰਘਬੀਰ ਸਿਰਜਣਾ ਦੀ ਪਤਨੀ ਸੁਲੇਖਾ ਦੀ ਵਿਸ਼ੇਸ਼ ਦੇਣ ਦਾ ਜ਼ਿਕਰ ਕੀਤਾ। ਤੇਰਾ ਸਿੰਘ ਚੰਨ ਪਰਿਵਾਰ ਨੇ ਡਾ. ਰਘਬੀਰ ਸਿਰਜਣਾ ਦਾ ਮੌਕੇ ’ਤੇ ਸਵਾਗਤ ਕੀਤਾ। ਆਏ ਲੇਖਕਾਂ ਦਾ ਧੰਨਵਾਦ ਜਸਵੀਰ ਸਮਰ ਨੇ ਕੀਤਾ। ਇਸ ਮੌਕੇ ਜਗਜੀਤ ਸਿੰਘ ਆਨੰਦ ਪਰਿਵਾਰ ਵੱਲੋਂ ਸਵਰਾਜਬੀਰ ਨੂੰ ‘ਜਗਜੀਤ ਸਿੰਘ ਆਨੰਦ ਬਿਹਤਰ ਪੱਤਰਕਾਰ ਪੁਰਸਕਾਰ’ ਦਿੱਤਾ ਗਿਆ। ਸਵਰਾਜਬੀਰ ਨੇ ਕਿਹਾ ਕਿ ਪੰਜਾਬੀ ਦੇ ਸਾਹਿਤਕ ਰਸਾਲਿਆਂ ਵਿੱਚ ‘ਸਿਰਜਣਾ’ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ।