ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਨਵੰਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਤਿਹਾਸ ਵਿੱਚ ਜਿਸ ਆਗੂ ਨੇ ਬਾਦਲ ਪਰਿਵਾਰ ਦੀ ਤਾਕਤ ਨੂੰ ਚੁਣੌਤੀ ਦਿੱਤੀ ਹੈ, ਉਸ ਨੂੰ ਜਾਂ ਤਾਂ ਪਾਰਟੀ ਛੱਡਣੀ ਪਈ ਜਾਂ ਫਿਰ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ। ਇਹ ਮਾਮਲਾ ਅੱਜ ਸ਼ੁਰੂ ਨਹੀਂ ਹੋਇਆ, ਸਗੋਂ ਇਹ ਮਾਮਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਹੈ।
ਬੀਬੀ ਜਗੀਰ ਕੌਰ ਦੇ ਮੁਅੱਤਲ ਹੋਣ ਨਾਲ ਕਈ ਲੀਡਰਾਂ ਦੀ ਆਵਾਜ਼ ਉੱਠੀ ਹੈ ਕਿ ਬਾਦਲ ਪਰਿਵਾਰ ਦੀ ਸਿਆਸਤ ਕਾਰਨ ਕਈ ਵੱਡੇ ਪਰਿਵਾਰ ਸਿਆਸਤ ਤੋਂ ਦੂਰ ਹੋ ਗਏ ਜਾਂ ਕਰ ਦਿੱਤੇ ਗਏ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਦੋਂ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਵਿੱਚ ਇਨਸਾਫ਼ ਨਹੀਂ ਕਰ ਪਾ ਰਹੇ ਜਿਸ ਕਰਕੇ ਉਨ੍ਹਾਂ ਨੂੰ ਕੋਈ ਕਾਰਜਕਾਰੀ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ ਤਾਂ ਇਸ ਬਿਆਨ ਮਗਰੋਂ ਜਥੇਦਾਰ ਟੌਹੜਾ ਨੂੰ ਪਹਿਲਾਂ ਮੁਅੱਤਲ ਕਰਕੇ ਮਗਰੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਵੀ ਅੱਜ ਸਿਆਸਤ ’ਚੋਂ ਲਾਪਤਾ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੂੰ ਵੀ ਸਿਆਸਤ ਵਿੱਚ ਉੱਠਣ ਨਹੀਂ ਦਿੱਤਾ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ, ਭਾਵੇਂ ਹਾਲੇ ਉਹ ਸਿਆਸਤ ਵਿੱਚ ਸਰਗਰਮ ਹਨ। ਰਣਜੀਤ ਸਿੰਘ ਬ੍ਰਹਮਪੁਰਾ ਭਾਵੇਂ ਮੁੜ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੋ ਗਏ, ਪਰ ਉਹ ਖਾਮੋਸ਼ ਹੀ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਬਹੁਤ ਬਾਰੇ ਵੱਡੇ ਪਰਿਵਾਰਾਂ ਦੀ ਕਥਿਤ ਸਿਆਸੀ ਹਸਤੀ ਮਿਟਾ ਦਿੱਤੀ। ਟੌਹੜਾ, ਤਲਵੰਡੀ, ਬਰਨਾਲਾ, ਢੀਂਡਸਾ ਵਰਗੇ ਕਈ ਪਰਿਵਾਰ ਇਨ੍ਹਾਂ ਦੀ ਕਥਿਤ ਧੱਕੇਸ਼ਾਹੀ ਕਾਰਨ ਸਿਆਸਤ ਤੋਂ ਲਾਂਭੇ ਹੋ ਗਏ ਹਨ। ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਹੀ ਕੁਝ ਨਹੀਂ ਜਿਸ ਕਰ ਕੇ ਕਿਸੇ ਨੂੰ ਕੱਢਣ ਨਾਲ ਨਾਲ ਕੀ ਫ਼ਰਕ ਪੈਣ ਲੱਗਾ ਹੈ। ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦੱਬੀ ਸੁਰ ਵਿੱਚ ਕਿਹਾ ਕਿ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਸੀ, ਜੋ ਬੀਬੀ ਜਗੀਰ ਕੌਰ ਨੇ ਕਰ ਦਿੱਤੀ ਹੈ।
ਬੀਬੀ ਜਗੀਰ ਕੌਰ ਨੇ ਕੋਈ ਗ਼ਲਤੀ ਨਹੀਂ ਕੀਤੀ: ਢੀਂਡਸਾ
ਸੁਖਦੇਵ ਸਿੰਘ ਢੀਂਡਸਾ ਦਾ ਇਸ ਬਾਰੇ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਨੇ ਕੋਈ ਗ਼ਲਤੀ ਨਹੀਂ ਕੀਤੀ ਅਤੇ ਨਾ ਹੀ ਪ੍ਰਧਾਨਗੀ ਮੰਗਣਾ ਕੋਈ ਗ਼ਲਤੀ ਹੈ, ਪਰ ਇਸ ਨੂੰ ਆਪਣੀ ਪਾਰਟੀ ਦਾ ਅਨੁਸ਼ਾਸਨ ਭੰਗ ਕਰਨਾ ਗਰਦਾਨਣਾ ਸ਼੍ਰੋਮਣੀ ਅਕਾਲੀ ਦਲ ਦੀ ਤਾਨਾਸ਼ਾਹੀ ਸੋਚ ਦਾ ਸਬੂਤ ਹੈ।