ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਸਤੰਬਰ
ਪੀਏਯੂ ਵਿੱਚ ਤਿੰਨ ਸਾਲ ਬਾਅਦ ਕੱਲ੍ਹ ਸ਼ੁਰੂ ਹੋਏ ਕਿਸਾਨ ਮੇਲੇ ਦਾ ਅੱਜ ਆਖ਼ਰੀ ਦਿਨ ਮੀਂਹ ਦੀ ਭੇਟ ਚੜ੍ਹ ਗਿਆ। ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਮੀਂਹ ਦੇਰ ਸ਼ਾਮ ਤੱਕ ਜਾਰੀ ਰਿਹਾ। ਉਥੇ ਹੀ ਮੇਲੇ ਦੇ ਆਖ਼ਰੀ ਦਿਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਪ੍ਰੀਤ ਗੋਗੀ, ਜਦਕਿ ਸੀਫ਼ੇਟ ਲੁਧਿਆਣਾ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀਵਾਲੇ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਿਸਾਨ ਮੇਲੇ ਦੇ ਪਹਿਲੇ ਦਿਨ ਭਰਵਾਂ ਇਕੱਠ ਹੋਣ ਤੋਂ ਬਾਅਦ ਪ੍ਰਬੰਧਕਾਂ ਨੂੰ ਦੂਜੇ ਦਿਨ ਵੀ ਵੱਡੀ ਗਿਣਤੀ ਕਿਸਾਨਾਂ ਦੇ ਆਉਣ ਦੀ ਉਮੀਦ ਸੀ ਪਰ ਸਾਰਾ ਦਿਨ ਵਰ੍ਹੇ ਮੀਂਹ ਨੇ ਕਿਸਾਨਾਂ, ਵਿਗਿਆਨੀਆਂ ਅਤੇ ਮੇਲੇ ਵਿੱਚ ਸਟਾਲ ਲਗਾਉਣ ਵਾਲਿਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਮੁੱਖ ਮੇਲਾ ਗਰਾਊਂਡ ਵਿੱਚ ਚਿੱਕੜ ਹੋਣ ਕਰਕੇ ਲੋਕਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੋਈ। ਜਿਹੜੇ ਸਟਾਲ ਦੇਰ ਸ਼ਾਮ ਤੱਕ ਲੱਗੇ ਰਹਿੰਦੇ ਸਨ, ਉਨ੍ਹਾਂ ਵਿੱਚੋਂ ਬਹੁਤੇ ਦੁਪਹਿਰ ਤੱਕ ਹੀ ਬੰਦ ਹੋ ਗਏ ਸਨ। ਉਥੇ ਹੀ ਮੇਲੇ ਦੇ ਦੂਜੇ ਅਤੇ ਆਖਰੀ ਦਿਨ ਵਿਧਾਇਕ ਸ੍ਰੀ ਗੋਗੀ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸ੍ਰੀ ਗੋਗੀ ਨੇ ਕਿਸਾਨਾਂ ਨੂੰ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਦੀ ਸਲਾਹ ਦਿੱਤੀ। ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਤਾਕੀਦ ਕੀਤੀ।
ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਦੇ ਸੁਨੇਹੇ ਨਾਲ ਪਸ਼ੂ ਮੇਲਾ ਸਮਾਪਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਅੱਜ ਦੂਜੇ ਦਿਨ ਪੰਜਾਬ ਰਾਜ ਕਿਸਾਨ ਅਤੇ ਕਿਸਾਨ ਕਿਰਤੀ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਬਤੌਰ ਮਹਿਮਾਨ ਵਜੋਂ ਪਹੁੰਚੇ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਖੇਤਾਂ ਵਿਚ ਅੱਗ ਲਾ ਕੇ ਕੁਦਰਤੀ ਆਕਸੀਜਨ ਨੂੰ ਹਾਨੀਕਾਰਕ ਗੈਸਾਂ ਵਿਚ ਨਹੀਂ ਬਦਲਣਾ ਚਾਹੀਦਾ। ਡਾ. ਸੁਖਪਾਲ ਸਿੰਘ ਨੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਘਰਾਂ ਦੀ ਮੰਦੀ ਹਾਲਤ ਬਾਰੇ ਜਾਣਕਾਰੀ ਸਾਂਝੀ ਕੀਤੀ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ, ਜਦੋਂਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ।