ਪੱਤਰ ਪ੍ਰੇਰਕ
ਪਟਿਆਲਾ, 5 ਅਪਰੈਲ
ਪੰਜਾਬ ਭਾਸ਼ਾ ਵਿਭਾਗ ਵੱਲੋਂ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ’ ਅਤੇ ‘ਵਧੀਆ ਛਪਾਈ ਪੁਰਸਕਾਰ 2022’ ਲਈ ਪਹਿਲੀ ਜਨਵਰੀ, 2021 ਤੋਂ 31 ਦਸੰਬਰ, 2021 ਦੌਰਾਨ ਛਪੀਆਂ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਪੁਸਤਕਾਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਪੁਰਸਕਾਰਾਂ ਲਈ ਪੁਸਤਕਾਂ 30 ਅਪਰੈਲ ਤੱਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਪਹੁੰਚਦੀਆਂ ਕੀਤੀਆਂ ਜਾਣ।
ਭਾਸ਼ਾ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਵੀਰਪਾਲ ਕੌਰ ਨੇ ਦੱਸਿਆ ਕਿ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਮੁਕਾਬਲੇ ਲਈ ਪੰਜਾਬੀ ਵਿੱਚ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ), ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫ਼ਰਨਾਮਾ), ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ), ਤੇਜਾ ਸਿੰਘ ਪੁਰਸਕਾਰ (ਸੰਪਾਦਨ), ਐਮ.ਐਸ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ/ਹਵਾਲਾ ਗ੍ਰੰਥ), ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ), ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ) ਅਤੇ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਲਈ ਪੁਸਤਕਾਂ ਭੇਜੀਆਂ ਜਾਣ। ਇਸੇ ਤਰ੍ਹਾਂ ਹਿੰਦੀ ਸਰਵੋਤਮ ਸਾਹਿਤਕ ਪੁਰਸਕਾਰ ਦੇ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ), ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ), ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ), ਇੰਦਰ ਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ), ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਅਤੇ ਬਾਲ ਸਾਹਿਤ ਆਦਿ 6 ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਰਦੂ ਸਰਵੋਤਮ ਸਾਹਿਤਕ ਪੁਸਤਕ ਦੇ ਸ਼ਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ), ਕਨ੍ਹਈਆ ਲਾਲ ਕਪੂਰ ਪੁਰਸਕਾਰ, ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਨਾਟਕ/ਇਕਾਂਗੀ) ਅਤੇ ਮਹਿਮੂਦ ਸ਼ਹਿਰਾਨੀ ਪੁਰਸਕਾਰ (ਆਲੋਚਨਾ) ਆਦਿ 4 ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਧੀਆ ਛਪਾਈ ਪੁਰਸਕਾਰ ਲਈ ਪੰਜਾਬੀ, ਹਿੰਦੀ ਅਤੇ ਉਰਦੂ ਦੇ ਪ੍ਰਕਾਸ਼ਕ/ਛਾਪਕ ਵੀ ਪੁਸਤਕਾਂ ਭੇਜਣ।