ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਅਪਰੈਲ
ਭਾਸ਼ਾ ਵਿਭਾਗ ਦੀ ਰੈਫਰੈਂਸ ਲਾਇਬ੍ਰੇਰੀ ਵਿੱਚ ਸਦੀਆਂ ਪੁਰਾਣੇ ਸਾਹਿਤ ਦੀਆਂ ਹੱਥ ਲਿਖਤਾਂ ਪਈਆਂ ਹਨ। ਇੱਥੇ ਫ਼ਾਰਸੀ, ਉਰਦੂ, ਗੁਰਮੁਖੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਇਸਲਾਮ, ਸਿੱਖ, ਹਿੰਦੂ ਤੇ ਹੋਰ ਕਈ ਧਰਮਾਂ ਦੀਆਂ ਹੱਥ ਲਿਖਤਾਂ ਸੰਭਾਲੀਆਂ ਹੋਈਆਂ ਹਨ, ਜਿਨ੍ਹਾਂ ਵਿੱਚ 120 ਦੁਰਲੱਭ ਹੱਥ ਲਿਖਤਾਂ ਵੀ ਸ਼ਾਮਲ ਹਨ। ਸਰਕਾਰੀ ਸੂਤਰਾਂ ਅਨੁਸਾਰ ਭਾਸ਼ਾ ਵਿਭਾਗ ਕੋਲ ਆਪਣੀ ਲਾਇਬ੍ਰੇਰੀ ਵਿੱਚ ਕੁਲ 593 ਹੱਥ ਲਿਖਤਾਂ ਹਨ, ਜਿਨ੍ਹਾਂ ਵਿੱਚ ਕਵੀ ਤੁਲਸੀ ਦਾਸ ਦੀਆਂ ਹੱਥ ਲਿਖਤਾਂ ਵਿੱਚੋਂ ‘ਪਦ ਰਮਾਇਣ ਤੇ ਕ੍ਰਿਸ਼ਨ ਚਰਿੱਤਰ, ਰਾਮਾਗਯਾ, ਸ੍ਰੀ ਰਾਮ ਦੋਹਾਵਲੀ, ਕਬਿੱਤ ਰਮਾਇਣ, ਦੰਡਕ ਰਮਾਇਣ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ 18 ਵਸਾਖ 1885 ਦੀ ‘ਪੁਰਾਤਨ ਕਥਾ ਸਤਿਯੁਗ ਕੀ’, 1887 ਦੀ ਉਦਾਸੀ ਰਾਜੇ ਗੋਪੀ ਚੰਦ ਕੀ, 1885 ਦੀ ਕਵੀ ਦੇਵ ਭਾਨ ਦੀ ਕਾਨ੍ਹ ਭਗਵਾਨ ਕੀ ਵਾਰ, 1788 ਬਿਕਰਮੀ ਦੀ ਗੋਸਟਿ ਮੱਕੇ ਵ ਮਦੀਨੇ ਕੀ, ਸੋਲ੍ਹਵੀਂ ਸਦੀ ਦੀ ਗੁਰੂ ਨਾਨਕ ਦੇਵ ਦੀ ‘ਕੱਕੜ ਵਿਚਾਰ’, ਸਤਾਰ੍ਹਵੀਂ ਸਦੀ ਦੀ ਕਵਿ ਰਾਮ, ਸਯਾਮ ਦੀ ਚਰਿਤ੍ਰੋਖਯਾਨ (ਤ੍ਰਿਯ ਚਰਿੱਤਰ), ਕਵੀ ਮੁਕਬਲ ਦੀ ਹੀਰ ਰਾਂਝੇ ਦਾ ਬਿਰਤਾਂਤ, 1873 ਬਿਕਰਮੀ ਦੀ ਸੱਯਦ ਵਾਰਸ ਸ਼ਾਹ ਦੀ ‘ਹੀਰ ਰਾਂਝਾ’, ਹਿਜਰੀ ਸੰਨ 1187 ਸਮੇਂ ਦੀ ਕਵੀ ਹਾਮਿਦ ਸ਼ਾਹ ਦੀ ‘ਅਖ਼ਬਾਰ-ਉਲ-ਆਖਰਤ (ਫ਼ਾਰਸੀ ਅੱਖਰ) ਵੀ ਇੱਥੇ ਹੱਥ ਲਿਖਤ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਸਤਾਰ੍ਹਵੀਂ ਸਦੀ ਦੀ ਕਵੀ ਸੂਰਦਾਸ ਦੀ ਕ੍ਰਿਸ਼ਨ ਲੀਲ੍ਹਾ ਦੀ ਹੱਥ ਲਿਖਤ ਵੀ ਮਿਲਦੀ ਹੈ। ਇਸ ਤੋਂ ਇਲਾਵਾ ਇੱਥੇ ਗੁਰੂ ਗੋਬਿੰਦ ਸਿੰਘ ਦੀ ਦਸ ਗ੍ਰੰਥੀ, ਜ਼ਫ਼ਰਨਾਮਾ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਦੇ ਹੋਰ ਵੀ ਕਈ ਗ੍ਰੰਥ ਇੱਥੇ ਹੱਥ ਲਿਖਤਾਂ ਵਿੱਚ ਮਿਲਦੇ ਹਨ। ਐਡੀਸ਼ਨਲ ਡਾਇਰੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਦੀ ਲਾਇਬ੍ਰੇਰੀ ਹੱਥ ਲਿਖਤਾਂ ਦੇ ਸੰਦਰਭ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ।