ਸ਼ਗਨ ਕਟਾਰੀਆ
ਬਠਿੰਡਾ, 4 ਅਕਤੂਬਰ
ਕਿਸਾਨ ਮੋਰਚਿਆਂ ’ਚੋਂ ਉੱਠਦੀ ਵਿਦਰੋਹੀ ਨਾਅਰਿਆਂ ਦੀ ਗੂੰਜ ਅੱਜ ਚੌਥੇ ਦਿਨ ਵੀ ਹਾਕਮਾਂ ਨੂੰ ਵੰਗਾਰਦੀ ਰਹੀ। ਬਠਿੰਡਾ ਖਿੱਤੇ ’ਚ ਆਪਣੇ ਮਿੱਥੇ ਮੁਹਾਜ਼ਾਂ ’ਤੇ ਕਿਸਾਨ ਸੰਗਠਨ ਬਾਖ਼ੂਬੀ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰ ਰਹੇ ਹਨ।
ਸਮਾਜ ਸੇਵੀ ਲੱਖਾ ਸਿਧਾਣਾ ਰਿਲਾਇੰਸ ਮਾਲ ਅੱਗੇ ਧਰਨੇ ’ਤੇ ਡਟਿਆ ਹੋਇਆ ਹੈ। ਗੁਰਪ੍ਰੀਤ ਚਿੱਤਰਕਾਰ, ਗੀਤਕਾਰ ਭਿੰਦਰ ਡੱਬਵਾਲੀ, ਜੱਗਾ ਬਰਾੜ, ਜਸਵੀਰ ਸਿੰਘ ਗਰੇਵਾਲ, ਗਾਇਕ ਲਵਜੀਤ, ਬੀ.ਐੱਸ. ਭੱਟੀ ਆਦਿ ਅੱਜ ਧਰਨੇ ’ਚ ਪੁੱਜੇ। ਭਾਕਿਯੂ ਉਗਰਾਹਾਂ ਦੇ ਵਰਕਰ ਅੱਜ ਵੀ ਰਾਮਪੁਰਾ ’ਚ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ, ਭੁੱਚੋ ਖੁਰਦ ਅਤੇ ਸੰਗਤ ਮੰਡੀ ’ਚ ਐਸਾਰ ਦੇ ਪੈਟਰੋਲ ਪੰਪਾਂ, ਬਠਿੰਡਾ ’ਚ ਬੈਸਟ ਪ੍ਰਾਈਸ ਦੇ ਸ਼ਾਪਿੰਗ ਮਾਲ, ਲਹਿਰਾ ਬੇਗਾ ਅਤੇ ਜੀਦਾ ਦੇ ਟੌਲ ਪਲਾਜ਼ਿਆਂ ਸਮੇਤ ਬਣਾਂਵਾਲੀ ਦੇ ਥਰਮਲ ਪਲਾਂਟ ਸਾਹਮਣੇ ਧਰਨਿਆਂ ’ਤੇ ਡਟੇ ਰਹੇ। ਧਰਨੇ ’ਚ ‘ਚਿੱਟੇ ਗਏ ਤੇ ਕਾਲੇ ਆ ਗਏ.. ਪਰ ਕੁਝ ਨਹੀਂ ਬਦਲਿਆ’ ਦੇ ਨਾਅਰੇ ਲਾਏ ਜਾ ਰਹੇ ਹਨ। ਉਗਰਾਹਾਂ ਧੜੇ ਦੇ ਇਨ੍ਹਾਂ ਮੋਰਚਿਆਂ ਦੀ ਨੁਮਾਇੰਦਗੀ ਹਰਿੰਦਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਰਾਜਵਿੰਦਰ ਰਾਮਨਗਰ, ਹਰਜਿੰਦਰ ਬੱਗੀ, ਜਗਦੇਵ ਜੋਗੇਵਾਲਾ, ਜਗਸੀਰ ਝੁੰਬਾ, ਬਸੰਤ ਕੋਠਾ ਗੁਰੂ ਆਦਿ ਕਰ ਰਹੇ ਹਨ।
ਧਰਨੇ ਦੌਰਾਨ ਕਿਸਾਨ ਨੂੰ ਦਿਲ ਦਾ ਦੌਰਾ ਪਿਆ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ‘ਤੇ ਚੱਲ ਰਹੇ ਧਰਨੇ ਦੌਰਾਨ ਜਥੇਬੰਦੀ ਦੇ ਮੈਂਬਰ ਬਲਦੇਵ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਕਰਾੜਵਾਲਾ ਹਾਲ ਆਬਾਦ ਜੇਠੂਕੇ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਬਠਿੰਡਾ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਸਟੰਟ ਪੈਣ ਦੀ ਗੱਲ ਆਖੀ ਹੈ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਬਲਾਕ ਰਾਮਪੁਰਾ ਦੇ ਕਾਰਜਕਾਰੀ ਪ੍ਰਧਾਨ ਨਿੱਕਾ ਜੇਠੂਕੇ ਨੇ ਮੰਗ ਕੀਤੀ ਕਿ ਕਿਸਾਨ ਦੇ ਇਲਾਜ ਦਾ ਬਿੱਲ ਪ੍ਰਸ਼ਾਸਨ ਦੇਵੇ।