ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਫਰਵਰੀ
ਡਾਬਾ ਦੇ ਗਗਨ ਨਗਰ ਇਲਾਕੇ ਦੇ ਇੱਕ ਨੌਜਵਾਨ ਨੇ ਆਪਣੇ ਕਿਰਾਏਦਾਰ ਦੀ ਹੱਤਿਆ ਕਰ ਦਿੱਤੀ। ਮਕਾਨ ਮਾਲਕ ਨੇ ਕਿਰਾਏਦਾਰ ’ਤੇ ਹਜ਼ਾਰ ਰੁਪਏ ਚੋਰੀ ਕਰਨ ਦੇ ਦੋਸ਼ ਲਾਏ ਸਨ। ਇਸ ਦੌਰਾਨ ਦੋਵਾਂ ਦਰਮਿਆਨ ਹੱਥੋਪਾਈ ਹੋਈ ਅਤੇ ਨੌਜਵਾਨ ਵਿਜੈ ਕੁਮਾਰ ਦੀ ਮੌਤ ਹੋ ਗਈ। ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਵਿਜੈ ਕੁਮਾਰ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਸਵੇਰੇ ਆਏ। ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿਚ ਗੱਬਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਥਾਣਾ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਗੱਬਰ ਦੇ ਘਰੋਂ ਪੈਸੇ ਗਾਇਬ ਹੋ ਗਏ। ਉਸ ਨੂੰ ਸ਼ੱਕ ਸੀ ਕਿ ਇਹ ਪੈਸੇ ਵਿਜੈ ਕੁਮਾਰ ਨੇ ਚੋਰੀ ਕੀਤੇ ਹਨ ਜਿਸ ਨੂੰ ਲੈ ਕੇ ਬਹਿਸ ਹੋਈ। ਇਸ ਮੌਕੇ ਗੱਬਰ ਨੇ ਵਿਜੈ ਦੇ ਸਿਰ ਵਿਚ ਡੰਡੇ ਮਾਰੇ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।