ਪੱਤਰ ਪ੍ਰੇਰਕ
ਭਿੱਖੀਵਿੰਡ, 23 ਮਈ
ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਬਲ ਦੀ ਸਹਾਇਤਾ ਨਾਲ ਹਰੀਕੇ ਵਿੱਚ 212 ਏਕੜ ਪੰਚਾੲਤੀ ਜ਼ਮੀਨ ਵਿੱਚੋਂ 89 ਏਕੜ ’ਤੇ ਕਬਜ਼ਾ ਛੁਡਵਾਇਆ ਗਿਆ ਸੀ ਤੇ ਅੱਜ ਸਰਕਾਰ ਵੱਲੋਂ ਇਸ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਇਸ ਜ਼ਮੀਨ ਵਿੱਚੋਂ ਪ੍ਰਸ਼ਾਸਨ 47 ਏਕੜ 6 ਕਨਾਲ ਜ਼ਮੀਨ ਦੀ ਬੋਲੀ ਹੀ ਕਰਵਾ ਸਕਿਆ ਹੈ ਤੇ ਬਾਕੀ ਰਹਿੰਦੀ 41 ਏਕੜ ’ਤੇ ਅਦਾਲਤੀ ਦੀ ਸਟੇਅ ਲੱਗੀ ਹੋਈ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸਤਨਾਮ ਸਿੰਘ ਹਰੀਕੇ ਨੇ ਦੱਸਿਆ ਕਿ ਉਕਤ ਜ਼ਮੀਨ ’ਤੇ ਪਿਛਲੇ 35-40 ਸਾਲਾਂ ਤੋਂ ਕਿਸਾਨ ਰਹਿ ਰਹੇ ਹਨ ਤੇ ਉਨ੍ਹਾਂ ਦੀ ਮਾਲਕੀ ਸਬੰਧੀ ਅਦਾਕਲਤ ਵੱਲੋਂ ਸਟੇਅ ਵੀ ਲਗਾਈ ਹੋਈ ਹੈ। ਯੂਨੀਅਨ ਨੇ ਕਿਹਾ ਕਿ ਸਰਕਾਰ ਇਹ ਬੋਲੀ ਕਰਵਾ ਕੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰ ਰਹੀ ਹੈ। ਇਸ ਸਬੰਧੀ ਡੀਡੀਪੀਓ ਸਤੀਸ਼ ਕੁਮਾਰ ਨੇ ਦੱਸਿਆ ਕਿ ਅੱਜ 47 ਏਕੜ 6 ਕਨਾਲ ਜ਼ਮੀਨ ਦੀ ਬੋਲੀ 8 ਲੱਖ 36 ਹਜ਼ਾਰ ਰੁਪਏ ਵਿੱਚ ਹੋਈ ਹੈ। ਬਾਕੀ ਜ਼ਮੀਨ ’ਤੇ ਸਟੇਅ ਹੋਣ ਕਰ ਕੇ ਬੋਲੀ ਨਹੀਂ ਕਰਵਾਈ ਗਈ।