ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਨਵੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਿੰਘੂ ਬਾਰਡਰ ਉਪਰ ਨਰੇਲਾ ਵੱਲ ਦੀ ਆ ਕੇ ਮੁੱਖ ਸਿੰਘੂ ਬਾਰਡਰ ਨੂੰ ਘੇਰ ਲਿਆ ਗਿਆ ਹੈ ਜਿਸ ਕਰਕੇ ਇਸ ਇਲਾਕੇ ਦੀ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਇਸ ਯੂਨੀਅਨ ਦੇ ਕਾਰਕੁਨ ਨਰੇਲਾ ਦੇ ਅੰਦਰਲੇ ਰਾਹਾਂ ਤੋਂ ਸੁਖਦੇਵ ਢਾਬੇ ਕੋਲੋਂ ਰੂਟ ਬਦਲਦੇ ਹੋਏ ਗੁਰੂ ਤੇਗ਼ ਬਹਾਦਰ ਚੌਕ ਜਿਸ ਨੂੰ ਆਮ ਭਾਸ਼ਾ ਵਿੱਚ ਸਿੰਘੂ ਬਾਰਡਰ ਕਿਹਾ ਜਾਂਦਾ ਹੈ, ਵਿਖੇ ਪੁੱਜੇ ਤੇ ਚੌਕ ਵਿੱਚ ਟਰੈਕਟਰ ਟਰਾਲੀਆਂ ਗੋਲ ਘੇਰੇ ਵਿੱਚ ਖੜ੍ਹੀਆਂ ਕਰਕੇ ਇਕ ਤਰ੍ਹਾਂ ਨਾਲ ਸੁਰੱਖਿਆ ਬਲਾਂ ਨੂੰ ਘੇਰ ਲਿਆ ਹੈ। ਦਿੱਲੀ ਵਾਲੇ ਪਾਸੇ ਕਿਰਤੀ ਕਿਸਾਨ ਯੂਨੀਅਨ ਡਟ ਗਈ ਹੈ ਤੇ ਸੋਨੀਪਤ ਵਾਲੇ ਪਾਸੇ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਵੱਲੋਂ ਰਾਹ ਮੱਲਿਆ ਹੋਇਆ ਹੈ। ਇਸ ਧਰਨੇ ਨੂੰ ਜਸਬੀਰ ਸਿੰਘ ਪਿੱਚੂ, ਰੇਸ਼ਮ ਸਿੰਘ ਘੁਰਕਵਿੰਡ, ਸੁਖਵਿੰਦਰ ਸਿੰਘ ਸਭਰਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਸੁਰਿੰਦਰ ਸਿੰਘ, ਮੇਹਰ ਸਿੰਘ ਤਲਵੰਡੀ, ਦਿਲਬਾਗ਼ ਸਿੰਘ ਧਨੂੰਵਿੰਡ, ਸੁਖਦੇਵ ਸਿੰਘ ਚਾਟੀਵਿੰਡ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਬਖੀਏ ਉਧੇੜੇ। ਸੁਖਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਿਸਾਨੀ ਦੇ ਸੰਕਟ ਲਈ ਭਾਜਪਾ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਹੀ ਜ਼ਿੰਮੇਵਾਰ ਹਨ ਤੇ ਖੇਤੀ ਪ੍ਰਧਾਨ ਸੂਬਿਆਂ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਦੇਸ਼ ਦੇ ਕਿਸਾਨ ਦਿੱਲੀ ਨੂੰ ਘੇਰਨ ਲਈ ਆ ਗਏ ਹਨ ਤੇ ਉਨ੍ਹਾਂ ਵੱਲੋਂ ਦਿੱਲੀ ਦੀਆਂ ਪੰਜਾਂ ਹੱਦਾਂ ਨੂੰ ਜਾਮ ਕਰਨ ਦੇ ਫ਼ੈਸਲੇ ਦੇ ਦੂਰਗਾਮੀ ਨਤੀਜੇ ਨਿਕਲਣਗੇ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੰਚ ਤੋਂ ਇਨਕਲਾਬੀ ਸੁਰ ਦੇ ਗੀਤ ਪੇਸ਼ ਕੀਤੇ ਗਏ ਤੇ ਕਿਸਾਨਾਂ ਨੂੰ ਲੰਬੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।
ਰੇਲ ਰੋਕੋ ਅੰਦੋਲਨ: ਬਾਬੇ ਨਾਨਕ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ) : ਰੇਲਵੇ ਸਟੇਸ਼ਨ ਜੰਡਿਆਲਾ ਗੁਰੂ ਅਤੇ ਚੱਲ ਰਿਹਾ ਰੇਲ ਰੋੋਕ ਅੰਦੋਲਨ 68ਵੇਂ ਦਿਨ ਵਿੱਚ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਧਰਨਾਕਾਰੀਆਂ ਨੇ ਅੱਜ ਧਰਨੇ ਵਾਲੀ ਥਾਂ ’ਤੇ ਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਜਥੇਬੰਦੀ ਵੱਲੋਂ ਧਰਨਾ ਸਥਾਨ ’ਤੇ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾਉਂਦਿਆਂ ਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲਿਆ ਗਿਆ। ਸੰਘਰਸ਼ ਕਮੇਟੀ ਵੱਲੋਂ ਦਿੱਲੀ ਦੇ ਕੁੰਡਲੀ ਬੈਰੀਅਰ ’ਤੇ ਵੀ ਧਰਨਾ ਜਾਰੀ ਹੈ ਤੇ ਹੋਰ ਜਥੇ ਵੀ ਦਿੱਲੀ ਕੂਚ ਕਰਨ ਲਈ ਤਿਆਰ ਹਨ। ਆਗੂਆਂ ਨੇ ਦੱਸਿਆ ਕਿ 11 ਦਸੰਬਰ ਨੂੰ ਫਿਰੋਜ਼ਪੁਰ ਅਤੇ 25 ਦਸੰਬਰ ਨੂੰ ਗੁਰਦਾਸਪੁਰ ਤੋਂ ਹਜ਼ਾਰਾਂ ਟਰਾਲੀਆਂ ਸਮੇਤ ਕਾਫ਼ਲਾ ਦਿੱਲੀ ਵੱਲ ਰਵਾਨਾ ਹੋਵੇਗਾ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਦਿੱਲੀ ਦਾ ਘਿਰਾਓ ਜਾਰੀ ਰਹੇਗਾ ਅਤੇ ਅੰਦੋਲਨ ਭਖਾਉਂਦਿਆਂ ਦਿੱਲੀ ਦੀਆਂ ਬਾਕੀ ਸਰਹੱਦਾਂ ਦਾ ਵੀ ਘਿਰਾਓ ਕੀਤਾ ਜਾਵੇਗਾ।