ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਸਤੰਬਰ
ਬਾਘਾਪੁਰਾਣਾ ਵਿਚ ਅੱਜ ਦੁਪਹਿਰ ਦਸ ਸਾਲਾਂ ਦੇ ਬੱਚੇ ਨੂੰ ਅਗਵਾ ਕਰ ਕੇ ਕਾਰ ਸਵਾਰ ਫ਼ਰਾਰ ਹੋ ਗਏ। ਪੁਲੀਸ ਵੱਲੋਂ ਪਿੱਛਾ ਕਰਨ ’ਤੇ ਅਗਵਾਕਾਰ ਆਪਣੀ ਮਾਰੂਤੀ ਕਾਰ ਪਿੰਡ ਪੰਜਗਰਾਈਂ ਕਲਾਂ (ਫ਼ਰੀਦਕੋਟ) ਕੋਲ ਛੱਡ ਕੇ ਬੱਚੇ ਨੂੰ ਮੋਟਰਸਾਈਕਲ ਉੱਤੇ ਲੈ ਕੇ ਫ਼ਰਾਰ ਹੋ ਗਏ। ਮੋਗਾ ਅਤੇ ਫ਼ਰੀਦਕੋਟ ਪੁਲੀਸ ਦੀ ਘੇਰਾਬੰਦੀ ’ਚ ਆਏ ਅਗਵਾਕਾਰ ਮਗਰੋਂ ਬੱਚੇ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਕਲਾਂ ਵਿਚ ਛੱਡ ਗਏ। ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰਮੀਤ ਸਿੰਘ ਦੀ ਪਿੰਡ ਆਲਮਵਾਲਾ ’ਚ ਦੁਕਾਨ ਹੈ। ਦੁਕਾਨ ’ਤੇ ਕੰਮ ਕਰਦਾ ਲੜਕਾ ਅਤੇ ਉਸ ਦਾ ਪੁੱਤਰ ਅਮਨਦੀਪ ਸਿੰਘ ਮੌਜੂਦ ਸਨ ਕਿ ਕਾਰ ਸਵਾਰ ਨੌਜਵਾਨ ਆਏ ਤੇ ਪਾਣੀ ਦੀ ਮੰਗ ਕੀਤੀ। ਇਸ ਦੌਰਾਨ ਨੌਜਵਾਨ ਅਮਨਦੀਪ ਸਿੰਘ ਨੂੰ ਅਗਵਾ ਕਰ ਕੇ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਅਗਵਾਕਾਰ ਪਿੰਡ ਪੰਜਗਰਾਈਂ ਦੇ ਰਹਿਣ ਵਾਲੇ ਹਨ।