ਨਵੀਂ ਦਿੱਲੀ, 25 ਅਗਸਤ
ਮੁੱਖ ਅੰਸ਼
- ਪੰਜ ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੀਲਬੰਦ ਰਿਪੋਰਟ ਸੌਂਪੀ
- ਚੀਫ਼ ਜਸਟਿਸ ਰਾਮੰਨਾ ਨੇ ਕਮੇਟੀ ਦੀਆਂ ਲੱਭਤਾਂ ਪੜ੍ਹ ਕੇ ਦੱਸੀਆਂ
- ਅਗਾਊਂ ਜਾਣਕਾਰੀ ਤੇ ਲੋੜੀਂਦਾ ਸੁਰੱਖਿਆ ਅਮਲਾ ਉਪਲੱਬਧ ਹੋਣ ਦੇ ਬਾਵਜੂਦ ਪੁਲੀਸ ਅਧਿਕਾਰੀ ’ਤੇ ਫ਼ਰਜ਼ ਨਿਭਾਉਣ ’ਚ ਨਾਕਾਮ ਰਹਿਣ ਦਾ ਦੋਸ਼
ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਫ਼ਿਰੋਜ਼ਪੁਰ ਦੇ ਐੱਸਐੱਸਪੀ ਅਵਨੀਤ ਹੰਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਕਮੇਟੀ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਐੱਸਐੱਸਪੀ ਹੰਸ ਲੋੜੀਂਦਾ ਅਗਾਊਂ ਜਾਣਕਾਰੀ ਤੇ ਸੁਰੱਖਿਆ ਅਮਲਾ ਉਪਲੱਬਧ ਹੋਣ ਦੇ ਬਾਵਜੂਦ ਆਪਣਾ ਫ਼ਰਜ਼ ਨਿਭਾਉਣ ਵਿੱਚ ਨਾਕਾਮ ਰਹੇ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਢੁੱਕਵੀਂ ਕਾਰਵਾਈ ਲਈ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣਗੇ। ਬੈਂਚ ਨੇ ਰਿਪੋਰਟ ਦੀ ਕਾਪੀ ਮੁਹੱਈਆ ਕਰਵਾਉਣ ਸਬੰਧੀ ਕੁਝ ਵਕੀਲਾਂ ਦੀ ਮੰਗ ਰੱਦ ਕਰ ਦਿੱਤੀ। ਕਮੇਟੀ ਨੇ ਸੀਲਬੰਦ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ ਤੇ ਚੀਫ਼ ਜਸਟਿਸ ਰਾਮੰਨਾ ਨੇ ਅੱਜ ਰਿਪੋਰਟ ਦੀਆਂ ਲੱਭਤਾਂ ਕੋਰਟ ਵਿੱਚ ਪੜ੍ਹੀਆਂ। ਪੰਜ ਮੈਂਬਰੀ ਕਮੇਟੀ ਨੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਡਿਊਟੀ ਨਾਲ ਜੁੜੇ ਪੁਲੀਸ ਅਧਿਕਾਰੀਆਂ ਲਈ ਸਮੇਂ-ਸਮੇਂ ’ਤੇ ‘ਬਲੂ ਬੁੱਕ’ ਅਤੇ ਸੰਵੇਦਨਸ਼ੀਲਤਾ ਕੋਰਸਾਂ ਦੇ ਨਿਯਮਤ ਸੰਸ਼ੋਧਨ ਅਤੇ ਅਪਡੇਟ ਲਈ ਇੱਕ ਨਿਗਰਾਨੀ ਕਮੇਟੀ ਹੋਣੀ ਚਾਹੀਦੀ ਹੈ। ‘ਬਲੂ ਬੁੱਕ’ ਵਿੱਚ ਪ੍ਰਧਾਨ ਮੰਤਰੀ ਦੀ ਕਿਸੇ ਰਾਜ ਦੀ ਫੇਰੀ ਦੌਰਾਨ ਉਨ੍ਹਾਂ ਦੀ ਮੁਕੰਮਲ ਤੇ ਵਿਸ਼ੇਸ਼ ਸੁਰੱਖਿਆ ਯਕੀਨੀ ਬਣਾਉਣ ਲਈ ਸਬੰਧਤ ਰਾਜ ਦੇ ਅਧਿਕਾਰੀਆਂ ਵੱਲੋਂ ਅਮਲ ਵਿੱਚ ਲਿਆਂਦੀ ਜਾਣ ਵਾਲੀ ਅਸਪਸ਼ਟ ਅਤੇ ਵਿਸਥਾਰਤ ਪ੍ਰਕਿਰਿਆ ਦਰਜ ਹੈ। ਕਮੇਟੀ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਪੰਜਾਬ ਦੇ ਤਤਕਾਲੀਨ ਏਡੀਜੀਪੀ ਜੀ.ਨਾਗੇਸ਼ਵਰ ਰਾਓ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਵੱਲੋਂ ਅਚਨਚੇਤ ਲਏ ਜਾਣ ਵਾਲੇ ਸੰਭਾਵੀ ਰੂਟ ਬਾਰੇ ਐੱਸਐੱਸਪੀ ਹੰਸ ਨੂੰ ਅਗਾਊਂ ਦੱਸਿਆ ਸੀ। ਕਮੇਟੀ ਨੇ ਕਿਹਾ ਕਿ ਐੱਸਐੱਸਪੀ ਕੋਲ ਕਾਫੀ ਸਮਾਂ ਸੀ, ਪਰ ਇਸ ਦੇ ਬਾਵਜੂਦ ਉਹ ਉੱਚ ਪੁਲੀਸ ਅਧਿਕਾਰੀ ਦੀ ਹਦਾਇਤ ’ਤੇ ਕੋਈ ਕਾਰਵਾਈ ਕਰਨ ਵਿੱਚ ਨਾਕਾਮ ਰਹੇ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ, ਜਿਸ ਵਿੱਚ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਸਨ, ਨੇ ਕਮੇਟੀ ਦੀ ਰਿਪੋਰਟ ਪੜ੍ਹਦਿਆਂ ਕਿਹਾ, ‘‘ਫ਼ਿਰੋਜ਼ਪੁਰ ਦਾ ਐੱਸਐੱਸਪੀ ਅਵਨੀਤ ਹੰਸ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦਾ ਆਪਣਾ ਫ਼ਰਜ਼ ਨਿਭਾਉਣ ਵਿੱਚ ਨਾਕਾਮ ਰਿਹਾ। ਕੁਝ ਵਿਰੋਧੀ ਸਮੂਹਾਂ ਦੇ ਵੱਡੀ ਗਿਣਤੀ ਵਿੱਚ ਰੂਟ ’ਤੇ ਮੌਜੂਦਗੀ ਸਬੰਧੀ ਅਗਾਊਂ ਜਾਣਕਾਰੀ ਹੋਣ ਦੇ ਬਾਵਜੂਦ ਉਸ(ਐੱਸਐੱਸਪੀ) ਨੇ ਸਬੰਧਤ ਰੂਟ ’ਤੇ ਸੁਰੱਖਿਆ ਬਲ ਤਾਇਨਾਤ ਨਹੀਂ ਕੀਤੇ।’’ ਬੈਂਚ ਨੇ ਕਿਹਾ, ‘‘ਲੋੜੀਂਦਾ ਸੁਰੱਖਿਆ ਅਮਲਾ ਉਪਲੱਬਧ ਹੋਣ ਦੇ ਬਾਵਜੂਦ ਉਹ ਨਾਕਾਮ ਰਿਹਾ। ਉਸ ਨੂੰ ਦੋ ਘੰਟੇ ਪਹਿਲਾਂ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਇਸ ਰੂਟ ਤੋਂ ਦਾਖ਼ਲ ਹੋਣਗੇ।’’ ਕਮੇਟੀ ਨੇ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਰੱਖਿਆ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੁਝ ਲੋੜੀਂਦੇ ਉਪਾਵਾਂ ਦੀ ਵੀ ਪਛਾਣ ਕੀਤੀ ਹੈ। -ਪੀਟੀਆਈ
ਚੰਨੀ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਇਸ ਪਿੱਛੇ ਕਥਿਤ ‘ਸਾਜ਼ਿਸ਼’ ਸੀ। ਠਾਕੁਰ ਨੇ ਕਿਹਾ ਕਿ ਸ੍ਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡੀਜੀਪੀ ‘ਲਾਪਤਾ’ ਸਨ। ਕੇਂਦਰੀ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਪੁਲ ਦੇ ਐਨ ਵਿਚਾਲੇ ਰੋਕਿਆ ਗਿਆ, ਜਿੱਥੋਂ ਪ੍ਰਦਰਸ਼ਨਕਾਰੀ ਮਹਿਜ਼ 100 ਮੀਟਰ ਤੇ ਪਾਕਿਸਤਾਨ ਦੀ ਸਰਹੱਦ 10 ਕਿਲੋਮੀਟਰ ਦੂਰ ਸੀ। ਪੰਜਾਬ ਪੁਲੀਸ ਮਹਿਜ਼ ਮੂਕ ਦਰਸ਼ਕ ਬਣੀ ਰਹੀ ਤੇ ਤਤਕਾਲੀਨ ਮੁੱਖ ਮੰਤਰੀ ਚੰਨੀ ਦਿੱਲੀ ਬੈਠੇ ਆਪਣੀ ਪਾਰਟੀ ਦੇ ਆਗੂਆਂ ਤੋਂ ਹਦਾਇਤਾਂ ਲੈਂਦੇ ਰਹੇ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ ਨੂੰ 20 ਮਿੰਟ ਪੁਲ ’ਤੇ ਉਡੀਕ ਕਰਨੀ ਪਈ, ਕਿਉਂਕਿ ਚੰਨੀ ਫੋਨ ਕਾਲ ’ਤੇ ਰੁੱਝੇ ਹੋਏ ਸਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਕੁਝ ਵੀ ਹੋ ਸਕਦਾ ਸੀ। ਦੋ ਮਿੰਟ ਕਾਫ਼ੀ ਸਨ।’’ -ਪੀਟੀਆਈ