ਚਰਨਜੀਤ ਭੁੱਲਰ
ਚੰਡੀਗੜ੍ਹ, 15 ਜੁਲਾਈ
ਮੁੱਖ ਅੰਸ਼
- ਅੱਧੀ ਦਰਜਨ ਵਿਭਾਗਾਂ ਨੇ ਨਹੀਂ ਬਣਾਏ ਲੋੜੀਂਦੇ ਨਿਯਮ
- ਸਰਕਾਰ ਵੱਲੋਂ 10,825 ਅਸਾਮੀਆਂ ’ਤੇ ਭਰਤੀ ਦਾ ਅਮਲ ਜਾਰੀ
ਪੰਜਾਬ ਸਰਕਾਰ ਵੱਲੋਂ 26 ਹਜ਼ਾਰ ਨੌਕਰੀਆਂ ਦੇਣ ਦੇ ਮਾਮਲੇ ’ਚ ਨਵਾਂ ਪੇਚ ਫਸ ਗਿਆ ਹੈ। ਨੌਕਰਸ਼ਾਹੀ ਦੀ ਢਿੱਲ-ਮੱਠ ਕਰਕੇ 15 ਹਜ਼ਾਰ ਨਵੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ। ਹੁਣ ਤੱਕ 10,825 ਅਸਾਮੀਆਂ ਦੀ ਭਰਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਪਹਿਲੀ ਕੈਬਨਿਟ ਮੀਟਿੰਗ ਵਿੱਚ 26 ਹਜ਼ਾਰ ਨਵੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਮਈ ਦੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਵਿਚ 26,454 ਨੌਕਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਨੂੰ ਹਰੀ ਝੰਡੀ ਦਿੱਤੀ ਗਈ ਸੀ। ‘ਆਪ’ ਸਰਕਾਰ ਪਹਿਲੇ ਵਰ੍ਹੇ ਹੀ ਇੰਨੀਆਂ ਅਸਾਮੀਆਂ ਕੱਢਣ ਦਾ ਸਿਆਸੀ ਲਾਹਾ ਵੀ ਲੈ ਰਹੀ ਸੀ ਪਰ ਜ਼ਮੀਨੀ ਹਕੀਕਤ ’ਤੇ ਨਜ਼ਰ ਮਾਰੀਏ ਤਾਂ ਹਾਲੇ ਕਈ ਅੜਚਣਾਂ ਨੇ ਨਵੀਆਂ ਨੌਕਰੀਆਂ ਦੇ ਰਾਹ ਰੋਕੇ ਹੋਏ ਹਨ। ਇਨ੍ਹਾਂ ਵਿਭਾਗੀ ਤੇ ਤਕਨੀਕੀ ਅੜਿੱਕਿਆਂ ਨੂੰ ਵੇਲੇ ਸਿਰ ਨਾ ਦੂਰ ਕੀਤਾ ਗਿਆ ਤਾਂ ਸਰਕਾਰ ਲਈ ਪਹਿਲੇ ਵਰ੍ਹੇ ’ਚ ਕੀਤੇ ਵਾਅਦੇ ਮੁਤਾਬਿਕ ਨੌਕਰੀਆਂ ਦੇਣ ਦਾ ਟੀਚਾ ਪੂਰਾ ਕਰਨ ’ਚ ਮੁਸ਼ਕਲ ਆ ਸਕਦੀ ਹੈ। ਪੰਜਾਬ ਸਰਕਾਰ ਦੇ ਦੋ ਦਰਜਨ ਵਿਭਾਗਾਂ ਵਿੱਚ 26,454 ਨੌਕਰੀਆਂ ਦੇਣ ਦਾ ਟੀਚਾ ਰੱਖਿਆ ਗਿਆ ਹੈ ਜਿਨ੍ਹਾਂ ’ਚੋਂ 15,011 ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਦਾ ਕੰਮ ਰੁਕਿਆ ਪਿਆ ਹੈ। ਅੱਧੀ ਦਰਜਨ ਸਰਕਾਰੀ ਵਿਭਾਗਾਂ ਵੱਲੋਂ ਹਾਲੇ ਤੱਕ ਨਿਯਮ ਹੀ ਨਹੀਂ ਬਣਾਏ ਗਏ ਹਨ ਜਿਸ ਕਰਕੇ ਇਨ੍ਹਾਂ ਅਸਾਮੀਆਂ ਦੇ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਹੋ ਸਕੇ ਹਨ।
ਸਭ ਤੋਂ ਪਹਿਲੇ ਨੰਬਰ ’ਤੇ ਸਕੂਲ ਸਿੱਖਿਆ ਵਿਭਾਗ ਹੈ ਜਿਸ ’ਚ 5994 ਨੌਕਰੀਆਂ ਦਾ ਕੰਮ ਸਿਰਫ਼ ਨਿਯਮ ਨਾ ਬਣਾਏ ਜਾਣ ਕਰਕੇ ਰੁਕਿਆ ਪਿਆ ਹੈ। ਸਿਹਤ ਵਿਭਾਗ ਵਿੱਚ ਵੀ 2187 ਅਸਾਮੀਆਂ ’ਤੇ ਭਰਤੀ ਦਾ ਕੰਮ ਰੁਕ ਗਿਆ ਹੈ। ਇਸੇ ਤਰ੍ਹਾਂ ਖੇਤੀ ਮਹਿਕਮੇ ’ਚ 80, ਮੈਡੀਕਲ ਸਿੱਖਿਆ ਵਿਚ 45, ਜਲ ਸਰੋਤ ਵਿਭਾਗ ਵਿਚ 42 ਤੇ ਪਲੈਨਿੰਗ ਵਿਭਾਗ ਵਿਚ 16 ਅਸਾਮੀਆਂ ਦਾ ਕੰਮ ਰੂਲਜ਼ ਨਾ ਬਣਨ ਕਰਕੇ ਅੱਗੇ ਨਹੀਂ ਵੱਧ ਸਕਿਆ। ਪੁਲੀਸ ਵਿਭਾਗ ਵਿਚ 2819 ਸਬ-ਇੰਸਪੈਕਟਰਾਂ ਅਤੇ ਸਿਪਾਹੀਆਂ ਦੀ ਭਰਤੀ ਦਾ ਇਸ਼ਤਿਹਾਰ 31 ਅਗਸਤ ਮਗਰੋਂ ਦਿੱਤਾ ਜਾਣਾ ਹੈ। ਵਿੱਤ ਵਿਭਾਗ ਵੀ 446 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਅੱਗੇ ਨਹੀਂ ਵੱਧ ਸਕੀ ਜਦਕਿ ਉਚੇਰੀ ਸਿੱਖਿਆ ਵਿਭਾਗ ਵਿੱਚ ਵੀ 74 ਅਸਾਮੀਆਂ ਨਿਯਮ ਨਾ ਬਣਨ ਕਰਕੇ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਹਨ। ਤਕਨੀਕੀ ਸਿੱਖਿਆ ਵਿਭਾਗ ਵਿੱਚ ਵੀ 844 ਅਸਾਮੀਆਂ ਦਾ ਕੰਮ ਰੁਕਿਆ ਪਿਆ ਹੈ।