ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੂਨ
ਪੋਸਟਮਾਸਟਰ ਜਨਰਲ, ਪੰਜਾਬ ਪੱਛਮੀ ਖੇਤਰ ਸੈਕਟਰ 17-ਈ ਚੰਡੀਗੜ੍ਹ ਦੀ ਸ਼ਿਕਾਇਤ ਉੱਤੇ ਥਾਣਾ ਕੋਟ ਈਸੇ ਖਾਂ ਵਿੱਚ ਸਾਢੇ ਤਿੰਨ ਸਾਲ ਬਾਅਦ ਵਿਭਾਗ ਦੇ ਕੋਟ ਈਸੇ ਖਾਂ ਡਾਕਘਰ ਦੇ ਤਤਕਾਲੀ ਪੋਸਟਮਾਸਟਰ ਇਕਬਾਲ ਸਿੰਘ, ਕਲਰਕ ਨਵਦੀਪ ਕੌਰ ਅਤੇ ਰੌਸ਼ਨ ਸਿੰਘ ਵਾਸੀ ਜ਼ੀਰਾ ਖ਼ਿਲਾਫ਼ ਧੋਖਾਧੜੀ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਕੋਟ ਈਸੇ ਖਾਂ, ਡਾਕਘਰ ਵਿੱਚ ਕਰੀਬ 4 ਸਾਲ ਪਹਿਲਾਂ ਤਾਇਨਾਤ ਸਨ।
ਪੋਸਟਮਾਸਟਰ ਜਨਰਲ, ਪੰਜਾਬ ਪੱਛਮੀ ਖੇਤਰ ਸੈਕਟਰ 17-ਈ ਚੰਡੀਗੜ੍ਹ ਨੇ 12 ਜਨਵਰੀ, 2018 ਨੂੰ ਆਈਜੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨ੍ਹਾਂ ਮੁਲਾਜ਼ਮਾਂ ਨੇ ਦੋ ਖਾਤਿਆਂ ਵਿੱਚ ਕਰੀਬ 12 ਲੱਖ ਰੁਪਏ ਵੱਧ ਜਮ੍ਹਾਂ ਕਰਵਾਏ ਹਨ। ਪੋਸਟਮਾਸਟਰ ਸਾਲ 2012 ਤੋਂ 12 ਮਈ, 2016 ਤੱਕ ਡਾਕਘਰ ਕੋਟ ਈਸੇ ਖਾਂ ਵਿੱਚ ਤਾਇਨਾਤ ਸੀ। ਇਸ ਦੌਰਾਨ ਦੋ ਖਾਤਿਆਂ ਵਿੱਚ ਤਕਰੀਬਨ 12 ਲੱਖ ਵੱਧ ਅਦਾਇਗੀ ਹੋ ਗਈ ਸੀ। ਇਹ ਮਾਮਲਾ ਫੜੇ ਜਾਣ ਮਗਰੋਂ ਡਾਕਤਾਰ ਵਿਭਾਗ ਨੇ ਜਾਂਚ ਵਿੱਢੀ। ਪੁਲੀਸ ਜਾਂਚ ਦੌਰਾਨ ਪੋਸਟ ਮਾਸਟਰ ਨੇ ਆਖਿਆ ਕਿ ਐਂਟਰੀ ਵਧਣ-ਘਟਣ ਨਾਲ ਉਸ ਦਾ ਕੋਈ ਸਬੰਧ ਨਹੀਂ। ਜੇ ਖਾਤੇ ਵਿੱਚ ਕੋਈ ਗ਼ਲਤ ਐਂਟਰੀ ਹੋ ਜਾਵੇ ਤਾਂ ਠੀਕ ਕਰਨ ਦਾ ਅਧਿਕਾਰ ਸਿਸਟਮ ਮੈਨੇਜਰ ਕੋਲ ਹੁੰਦਾ ਹੈ, ਉਹ ਤਾਂ ਐਂਟਰੀ ਚੈੱਕ ਵੀ ਨਹੀਂ ਕਰ ਸਕਦੇ। ਉਸ ਨੂੰ ਕੰਪਿਊਟਰ ਦੀ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਵਿਭਾਗ ਨੇ ਉਸ ਨੂੰ ਕੋਈ ਸਿਖਲਾਈ ਦਿੱਤੀ ਸੀ। ਇਹ ਗ਼ਲਤੀ ਸਿਸਟਮ ’ਚ ਤਕਨੀਕੀ ਨੁਕਸ ਕਾਰਨ ਹੋਈ ਹੈ। ਡਾਕ-ਤਾਰ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਵੀ ਸਿਸਟਮ ’ਚ ਤਕਨੀਕੀ ਨੁਕਸ ਕਾਰਨ ਅਜਿਹਾ ਹੋਇਆ ਸੀ ਤੇ ਡਾਕ-ਤਾਰ ਵਿਭਾਗ ਦੇ ਰਿਕਾਰਡ ਅਨੁਸਾਰ ਮੁਲਜ਼ਮ ਕਥਿਤ ਗਬਨ ਦੀ ਰਾਸ਼ੀ ਵਾਪਸ ਵੀ ਜਮ੍ਹਾਂ ਕਰਵਾ ਚੁੱਕੇ ਹਨ। ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੇ ਵੀ ਮੁੱਢਲੀ ਜਾਂਚ ’ਚ ਮੰਨਿਆ ਕਿ ਮੁਲਜ਼ਮਾਂ ਦੀ ਗਬਨ ਦੀ ਭਾਵਨਾ ਨਹੀਂ ਜਾਪਦੀ।
ਦੱਸਣਯੋਗ ਹੈ ਕਿ ਪੋਸਟਮਾਸਟਰ ਇਕਬਾਲ ਸਿੰਘ ਸੇਵਾਮੁਕਤੀ ਦੇ ਨਜ਼ਦੀਕ ਹੈ। ਡਾਕ ਵਿਭਾਗ ਨੇ ਪੋਸਟਮਾਸਟਰ ਇਕਬਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ, ਨਵਦੀਪ ਕੌਰ ਨੂੰ ਨੌਕਰੀਓਂ ਕੱਢ ਦਿੱਤਾ ਤੇ ਕਲਰਕ ਰੋਸ਼ਨ ਸਿੰਘ ਖ਼ਿਲਾਫ਼ ਵਿਭਾਗੀ ਪੜਤਾਲ ਲੰਬਿਤ ਹੈ।
ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪੀ ਜਾਂਚ
ਜ਼ਿਲ੍ਹਾ ਪੁਲੀਸ ਨੇ ਕਰੀਬ ਸਾਢੇ ਤਿੰਨ ਸਾਲ ਇਸ ਮਾਮਲੇ ਦੀ ਪੜਤਾਲ ਕੀਤੀ। ਇਸ ਦੌਰਾਨ ਡਾਕਤਾਰ ਵਿਭਾਗ ਫੌਜਦਾਰੀ ਕਾਰਵਾਈ ਲਈ ਪੱਤਰ ਵਿਹਾਰ ਕਰਦਾ ਰਿਹਾ। ਅਖ਼ੀਰ ਜ਼ਿਲ੍ਹਾ ਪੁਲੀਸ ਨੇ ਕਾਨੂੰਨੀ ਰਾਇ ਹਾਸਲ ਕੀਤੀ ਤੇ ਕਾਨੂੰਨੀ ਮਾਹਿਰ ਵੱਲੋਂ ਅਪਰਾਧਕ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰਨ ਮਗਰੋਂ ਥਾਣਾ ਕੋਟ ਈਸੇ ਖਾਂ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਮਾਮਲੇ ਦੀ ਅਗਲੀ ਪੜਤਾਲ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪੀ ਹੈ।