ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਕਤੂਬਰ
ਅਫਗਾਨਿਸਤਾਨ ਵਿੱਚ ਫਸੇ ਘੱਟ ਗਿਣਤੀ ਸਿੱਖ, ਹਿੰਦੂ ਤੇ ਹੋਰ ਭਾਈਚਾਰੇ ਨਾਲ ਸਬੰਧਤ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਮਾਮਲਾ ਦਿੱਲੀ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਗੂ ਪਰਮਿੰਦਰਪਾਲ ਸਿੰਘ ਨੇ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਉਸ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੇ ਵਿਦੇਸ਼ ਤੇ ਗ੍ਰਹਿ ਮੰਤਰਾਲੇ ਨੂੰ ਅਫਗਾਨਿਸਤਾਨ ’ਚ ਫਸੇ ਸਿੱਖ ਅਤੇ ਹਿੰਦੂ ਭਾਈਚਾਰੇ ਸਮੇਤ ਬਾਕੀ ਭਾਰਤੀਆਂ ਨੂੰ ਈ-ਵੀਜ਼ਾ ਜਾਰੀ ਕਰ ਕੇ ਸੁਰੱਖਿਅਤ ਵਾਪਸ ਲਿਆਉਣ ਦੇ ਹੁਕਮ ਦਿੱਤੇ ਜਾਣ।
ਮਿਲੇ ਵੇਰਵਿਆਂ ਮੁਤਾਬਕ ਭਾਰਤ ਸਰਕਾਰ ਕੋਲ ਈ-ਵੀਜ਼ਾ ਸਬੰਧੀ ਅਫਗਾਨੀ ਹਿੰਦੂਆਂ ਤੇ ਸਿੱਖਾਂ ਦੀਆਂ 216 ਅਰਜ਼ੀਆਂ ਪੁੱਜੀਆਂ ਹਨ। ਇਨ੍ਹਾਂ ’ਚੋਂ ਸਿਰਫ ਅੱਠ ਵਿਅਕਤੀਆਂ ਨੂੰ ਈ-ਵੀਜ਼ੇ ਦਿੱਤੇ ਗਏ ਹਨ ਜਦੋਂਕਿ 208 ਅਰਜ਼ੀਆਂ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਉਥੇ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਉਥੇ ਰਹਿ ਰਹੇ ਘੱਟ ਗਿਣਤੀ ਲੋਕ ਇਸ ਵੇਲੇ ਡਰੇ ਅਤੇ ਸਹਿਮੇ ਹੋਏ ਹਨ। ਤਾਲਿਬਾਨ ਵੱਲੋਂ ਅਫਗਾਨਿਸਤਾਨ ’ਚੋਂ ਸਿਰਫ ਉਨ੍ਹਾਂ ਸਿੱਖਾਂ ਜਾਂ ਹਿੰਦੂਆਂ ਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ, ਜਿਨ੍ਹਾਂ ਕੋਲ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਵੀਜ਼ਾ ਵੀ ਜ਼ਰੂਰੀ ਹੈ। ਇੰਡੀਆ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਜਿਨ੍ਹਾਂ ਨੇ ਪਹਿਲਾਂ ਵੀ ਅਫਗਾਨਿਸਤਾਨ ਵਿੱਚ ਫਸੇ ਹਿੰਦੂ-ਸਿੱਖਾਂ ਨੂੰ ਲਿਆਉਣ ਲਈ ਕੋਸ਼ਿਸ਼ ਕੀਤੀ ਸੀ, ਨੇ ਕਿਹਾ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਮਾਮਲਾ ਲਟਕ ਰਿਹਾ ਹੈ। ਉਨ੍ਹਾਂ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਜਨਰਲ ਤੋਂ ਇਹ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ।