ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਰਵਨੀਤ ਕੌਰ ਨੇ ਅੱਜ ਇੱਥੇ ਦੱਸਿਆ ਕਿ ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਾ ਲਿਆ ਗਿਆ ਹੈ ਅਤੇ ਪਟਵਾਰੀਆਂ ਵੱਲੋਂ ਵਾਧੂ ਪਟਵਾਰ ਸਰਕਲਾਂ ਵਿੱਚ ਤਰੁੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਮੇਂ-ਸਮੇਂ ’ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੰਗਾਂ ਸਬੰਧੀ ਕੀਤੀਆਂ ਗਈਆਂ ਮੀਟਿੰਗਾਂ ਤੋਂ ਬਾਅਦ ਅੰਤ ਵਿੱਚ ਸਹਿਮਤੀ ਬਣ ਗਈ ਤੇ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ’ਚ ਪਟਵਾਰੀ ਉਮੀਦਵਾਰਾਂ ਨੂੰ ਡੇਢ ਸਾਲ ਦੀ ਸਿਖਲਾਈ ਤੇ 3 ਸਾਲ ਪਰਖਕਾਲ ਪੂਰਾ ਕਰਨਾ ਲਾਜ਼ਮੀ ਹੈ। ਸਿਖਲਾਈ ਦੀ ਮਿਆਦ ਇੱਕ ਸਾਲ ਅਤੇ ਪਰਖ ਕਾਲ ਨੂੰ 2 ਸਾਲ ਕਰਨ ਲਈ ਨਿਯਮਾਂ ਵਿੱਚ ਸੋਧ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ ਤਾਂ ਜੋ ਸਿਖਲਾਈ ਅਤੇ ਪਰਖਕਾਲ ਦਾ ਕੁੱਲ ਸਮਾਂ ਸਾਢੇ ਚਾਰ (4.5 ) ਸਾਲਾਂ ਦੀ ਮੌਜੂਦਾ ਸ਼ਰਤ ਦੇ ਮੁਕਾਬਲੇ 3 ਸਾਲ ਹੋ ਜਾਵੇ। ਮਾਲ ਵਿਭਾਗ ਵੱਲੋਂ ਪਰਖਕਾਲ ਸਮੇਂ ਨੂੰ 2 ਸਾਲ ਤੱਕ ਘਟਾਉਣ ਲਈ ਇਹ ਮਾਮਲਾ ਵਿੱਤ ਵਿਭਾਗ ਕੋਲ ਚੁੱਕਿਆ ਜਾਵੇਗਾ।