ਦਵਿੰਦਰ ਪਾਲ
ਚੰਡੀਗੜ੍ਹ, 3 ਸਤੰਬਰ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 11 ਮਹੀਨਿਆਂ ਦੇ ਵੱਧ ਸਮੇਂ ਤੋਂ ਸਵਾ ਸੌ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਅੱਜ ਮੋਗਾ ਦੇ ਪੁਲੀਸ ਲਾਠੀਚਾਰਜ ਦਾ ਮੁੱਦਾ ਭਾਰੂ ਰਿਹਾ। ਭਾਵੇਂ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਤੋਂ ਹੀ ਮੀਂਹ ਵਰ੍ਹਦਾ ਰਿਹਾ ਪਰ ਪਹਿਲਾਂ ਵਾਂਗ ਹੀ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਹਿਲਾਵਾਂ ਨੇ ਧਰਨੇ ਵਿੱਚ ਹਾਜ਼ਰੀ ਲਵਾਈ। ਬੁਲਾਰਿਆਂ ਨੇ ਬੀਤੇ ਦਿਨ ਪੰਜਾਬ ਪੁਲੀਸ ਵੱਲੋਂ ਮੋਗਾ ’ਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਚਰਚਾ ਤੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹਰਿਆਣਾ ਪੁਲੀਸ ਵੱਲੋਂ ਅੰਨ੍ਹੇਵਾਹ ਕੀਤੇ ਗਏ ਲਾਠੀਚਾਰਜ ਮਗਰੋਂ ਪੰਜਾਬ ਪੁਲੀਸ ਵੀ ਉਹੀ ਵਰਤਾਰਾ ਦੁਹਰਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਡਾਇਰ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਉਸੇ ਰਾਹ ’ਤੇ ਚੱਲ ਪਏ ਹਨ। ਉਨ੍ਹਾਂ ਕਿਹਾ ਕਿ ਚਾਹੇ ਕਾਂਗਰਸ ਹੋਵੇ, ਅਕਾਲੀ ਹੋਣ ਜਾਂ ਭਾਜਪਾ, ਸਾਰੀਆਂ ਸਿਆਸੀ ਪਾਰਟੀਆਂ ਦੀ ਨੀਤੀ ਇੱਕੋ ਹੀ ਹੈ। ਸਾਰੇ ਹੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੇ ਸਿਧਾਂਤ ਦੇ ਪੈਰੋਕਾਰ ਹਨ ਅਤੇ ਕਾਰਪੋਰੇਟਾਂ ਦੇ ਹਿੱਤਾਂ ਦੇ ਰਖਵਾਲੇ ਹਨ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਜੋ ਨਵੇਂ ਮਾਪਦੰਡ ਤੈਅ ਕੀਤੇ ਹਨ, ਉਸ ਅਨੁਸਾਰ ਝੋਨੇ ਦੀ ਇੱਕ ਢੇਰੀ ਵੀ ਵੇਚਣੀ ਮੁਸ਼ਕਲ ਹੋ ਜਾਵੇਗੀ। ਝੋਨੇ ਵਿੱਚ ਨਮੀ, ਟੋਟੇ ਤੇ ਬਦਰੰਗ ਦਾਣਿਆਂ ਦੀ ਪ੍ਰਤੀਸ਼ਤਤਾ ਬਾਰੇ ਮਾਪਦੰਡ ਪਹਿਲਾਂ ਹੀ ਬਹੁਤ ਸਖਤ ਹਨ, ਜਿਨ੍ਹਾਂ ਨੂੰ ਸਰਕਾਰ ਹੋਰ ਸਖਤ ਕਰਨ ਦੀ ਤਜਵੀਜ਼ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਦਾ ਇਹ ਫੁਰਮਾਨ ਲਾਗੂ ਨਹੀਂ ਹੋਣ ਦੇਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮੋਗਾ ਵਿੱਚ ਸੁਖਬੀਰ ਬਾਦਲ ਦੀ ਸਿਆਸੀ ਰੈਲੀ ਮੌਕੇ ਸਵਾਲ ਪੁੱਛਣ ਜਾ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ, ਪੱਗਾਂ ਲਾਹੁਣ ਅਤੇ ਝੂਠੇ ਕੇਸ ਦਰਜ ਕਰਨ ਤੋਂ ਇਲਾਵਾ ਇਸ ਧੱਕੇਸ਼ਾਹੀ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਧੱਕਾ-ਮੁੱਕੀ ਕਰਨ ਦੀ ਸਖਤ ਨਿਖੇਧੀ ਕੀਤੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਕਿਸਾਨਾਂ ’ਤੇ ਦਰਜ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਸ਼ਾਂਤਮਈ ਕਿਸਾਨਾਂ ਨੂੰ ਕੁੱਟਣ ਤੇ ਬੇਇੱਜ਼ਤ ਕਰਨ ਦੇ ਦੋਸ਼ੀ ਪੁਲੀਸ ਤੇ ਸਿਵਲ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਮੁਜ਼ੱਫਰਨਗਰ ਮਹਾਰੈਲੀ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ ਦਾ ਸੱਦਾ ਦਿੱਤਾ।
ਕਿਸਾਨਾਂ ’ਤੇ ਹਮਲਾ ਅਕਾਲੀਆਂ ਦੀ ਬੌਖਲਾਹਟ: ਬੁਰਜਗਿੱਲ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਮੋਗਾ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੌਖਲਾਹਟ ਦੀ ਨਿਸ਼ਾਨੀ ਦੱਸਿਆ ਹੈ। ਜਥੇਬੰਦੀ ਦੇ ਆਗੂ ਬੂਟਾ ਸਿੰਘ ਬੁਰਜਗਿੱਲ, ਮਨਜੀਤ ਧਨੇਰ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਇੱਕ ਪਾਸੇ ਮੁਲਕ ਦੇ ਕਿਸਾਨ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 9 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਅਕਾਲੀ ਦਲ ਪਹਿਲਾਂ ਗੱਜ-ਵੱਜ ਕੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਪੱਖ ਪੂਰਦੇ ਰਹੇ ਤੇ ਹੁਣ ਸੰਘਰਸ਼ ਦੇ ਬਣੇ ਦਬਾਅ ਕਾਰਨ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸਟੈਂਡ ਲੈਣ ਲਈ ਮਜਬੂਰ ਹੋਣਾ ਪਿਆ। ਹੁਣ ਸੁਖਬੀਰ ਬਾਦਲ ਅਗਾਮੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਜੁਟਾਉਣ ਦੇ ਆਹਰ ’ਚ ਲੱਗਾ ਹੋਇਆ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ।