ਐੱਨ.ਪੀ.ਧਵਨ
ਪਠਾਨਕੋਟ, 9 ਫਰਵਰੀ
ਭੋਆ ਵਿਧਾਨ ਸਭਾ ਹਲਕਾ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਛੜਿਆ ਹੀ ਰਿਹਾ ਹੈ। ਹਲਕੇ ਵਿੱਚ ਹੁਣ ਤੱਕ ਜ਼ਿਆਦਾਤਰ ਭਾਜਪਾ ਅਤੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਇਸ ਹਲਕੇ ਵਿਚ ਹਰ ਵਾਰ ਰਾਵੀ ਅਤੇ ਉੱਝ ਦਰਿਆਵਾਂ ਦੇ ਪੁਲਾਂ ਸਬੰਧੀ ਰਾਜਨੀਤੀ ਹੁੰਦੀ ਰਹੀ ਹੈ। ਜਿਹੜੀ ਵੀ ਪਾਰਟੀ ਪੁਲ ਬਣਾ ਦਿੰਦੀ ਸੀ, ਲੋਕ ਉਸ ਨੂੰ ਹੀ ਵੋਟਾਂ ਪਾ ਦਿੰਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲ ਬਣਨ ਦੇ ਬਾਵਜੂਦ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਰ ਸਕਿਆ। ਅੱਜ ਵੀ ਸਰਹੱਦੀ ਹਲਕੇ ਦੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਹਨ। ਨਰੋਟ ਜੈਮਲ ਸਿੰਘ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਹਮੇਸ਼ਾ ਹੀ ਘਾਟ ਰਹੀ ਹੈ। ਰਾਤ ਨੂੰ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਈ ਨਹੀਂ ਹੁੰਦਾ। ਹਲਕੇ ਵਿਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਵੀ ਕਾਫੀ ਸਮੇਂ ਤੋਂ ਭਾਰੂ ਰਿਹਾ ਹੈ। ਮੌਜੂਦਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਨਾਜਾਇਜ਼ ਖਣਨ ’ਤੇ ਠੱਲ੍ਹ ਪਾਉਣ ਦਾ ਵਾਅਦਾ ਕਰ ਕੇ ਚੋਣ ਜਿੱਤੀ ਸੀ ਪਰ ਉਹ ਵੀ ਕੁਝ ਕਰ ਨਹੀਂ ਸਕੇ ਅਤੇ ਨਾਜਾਇਜ਼ ਖਣਨ ਦਾ ਮਾਮਲਾ ਘਟਣ ਦੀ ਜਗ੍ਹਾ ਹੋਰ ਵਧਦਾ ਗਿਆ। ਨਾਜਾਇਜ਼ ਖਣਨ ਕਾਰਨ ਹਲਕੇ ਦੇ ਕਈ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਚਲਾ ਗਿਆ ਤੇ ਨਲਕਿਆਂ ਦਾ ਪਾਣੀ ਸੁੱਕ ਗਿਆ।
ਸਰਹੱਦੀ ਇਲਾਕੇ ਵਿਚ ਗੰਨਾ ਜ਼ਿਆਦਾ ਹੁੰਦਾ ਹੈ ਤੇ ਲੋਕ ਪਿਛਲੇ ਕਈ ਸਾਲਾਂ ਤੋਂ ਗੰਨਾ ਮਿੱਲ ਲਗਾਉਣ ਦੀ ਮੰਗ ਕਰ ਰਹੇ ਹਨ। ਸਾਲ 2017 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਜੋਗਿੰਦਰ ਪਾਲ ਨੇ ਹਲਕੇ ਵਿਚ ਖੰਡ ਮਿੱਲ ਲਗਾਉਣ ਦਾ ਵਾਅਦਾ ਕੀਤਾ ਪਰ ਪੰਜ ਸਾਲ ਲੰਘਣ ਦੇ ਬਾਵਜੂਦ ਉਹ ਵਾਅਦਾ ਵਫ਼ਾ ਨਹੀਂ ਕਰ ਸਕੇ। ਹਲਕੇ ਵਿੱਚ ਖਣਨ ਲਈ ਆਉਂਦੇ ਟਰੱਕਾਂ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦਿਨ ਵੇਲੇ ਇਨ੍ਹਾਂ ਟਰੱਕਾਂ ਦੇ ਚੱਲਣ ’ਤੇ ਰੋਕ ਲਾਈ ਹੈ ਪਰ ਡੀਸੀ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ।
ਹਲਕਾ ਵਿਧਾਇਕ ਜੋਗਿੰਦਰ ਪਾਲ ਨੇ ਹਲਕੇ ਵਿੱਚ ਛੋਟੇ ਪੁਲਾਂ ਦਾ ਨਿਰਮਾਣ ਕਰਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਕਈ ਪਿੰਡਾਂ ਵਿੱਚ ਸ਼ਹੀਦੀ ਗੇਟ ਬਣਵਾਏ। ਇਸੇ ਤਰ੍ਹਾਂ ਉਨ੍ਹਾਂ ਸੁਚਾਰੂ ਬਿਜਲੀ ਲਈ ਮਨਵਾਲ ਤੇ ਬਨੀਲੋਧੀ ਵਿੱਚ ਦੋ ਪਾਵਰ ਸਟੇਸ਼ਨ ਅਤੇ 60 ਬੋਰ ਕਰਵਾ ਕੇ ਪਾਣੀ ਦੀਆਂ ਟੈਂਕੀਆਂ ਵੀ ਬਣਵਾਈਆਂ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਵਿਧਾਇਕ ਵੱਲੋਂ ਕੀਤੇ ਗਏ ਵਿਕਾਸ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਹਿੰਦੇ ਹਨ ਕਿ ਰਵਾਇਤੀ ਪਾਰਟੀਆਂ 74 ਸਾਲਾਂ ਵਿੱਚ ਵਿਕਾਸ ਨਹੀਂ ਕਰਵਾ ਸਕੀਆਂ। ਇਸੇ ਕਰਕੇ ਹਲਕਾ ਪੱਛੜਿਆ ਹੋਇਆ ਹੈ। ਹਲਕੇ ਵਿਚ ਪਿਛਲੇ ਪੰਜਾਂ ਸਾਲ ਨਾਜਾਇਜ਼ ਖਣਨ ਦਾ ਬੋਲਬਾਲਾ ਰਿਹਾ ਅਤੇ ਵਿਰੋਧ ਕਰਨ ਵਾਲਿਆਂ ’ਤੇ ਝੂਠੇ ਪਰਚੇ ਦਰਜ ਹੁੰਦੇ ਰਹੇ ਹਨ।
ਭਾਜਪਾ ਦੀ ਸਾਬਕਾ ਵਿਧਾਇਕ ਤੇ ਮੌਜੂਦਾ ਉਮੀਦਵਾਰ ਸੀਮਾ ਕੁਮਾਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਵਿਕਾਸ ਦੀ ਥਾਂ ’ਤੇ ਹਲਕੇ ਵਿਚ ਕਾਂਗਰਸੀ ਵਿਧਾਇਕ ਦੀ ਦਬੰਗ ਰਾਜਨੀਤੀ ਹੀ ਛਾਈ ਰਹੀ। ਲੋਕਾਂ ਦੀ ਆਵਾਜ਼ ਦਬਾਉਣ ਲਈ ਪੁਲੀਸ ਦਾ ਜ਼ੋਰ-ਜਬਰ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾਣਗੇ।