ਪਾਲ ਸਿੰਘ ਨੌਲੀ
ਜਲੰਧਰ, 20 ਅਕਤੂਬਰ
ਨਗਰ ਨਿਗਮ ਦੇ ਹਾਊਸ ਦੀ 22 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦਾ ਏਜੰਡਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਇਸ ਏਜੰਡੇ ਤਹਿਤ ਲੱਗਪਗ 2,000 ਮੁਲਾਜ਼ਮ ਭਰਤੀ ਕੀਤੇ ਜਾਣੇ ਹਨ। ਇਨ੍ਹਾਂ ਮੁਲਾਜ਼ਮਾਂ ਵਿਚ ਮਾਲੀ, ਸੀਵਰਮੈਨ ਤੇ ਸਫ਼ਾਈ ਸੇਵਕ ਭਰਤੀ ਕਰਨੇ ਹਨ। ਜਦਕਿ ਮੁਲਾਜ਼ਮ ਜਥੇਬੰਦੀਆਂ ਪਿਛਲੇ ਪੰਜਾਂ ਸਾਲਾਂ ਤੋਂ ਹੀ ਭਰਤੀ ਦੀ ਮੰਗ ਕਰਦੀਆਂ ਆ ਰਹੀਆਂ ਸਨ ਪਰ ਹਾਊਸ ਵਿਚ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਸੀ ਕੀਤੀ ਜਾਂਦੀ। ਹੁਣ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਇਕਦਮ 2000 ਮੁਲਾਜ਼ਮਾਂ ਦੀ ਭਰਤੀ ਕਰਨ ਦੀ ਮੰਗ ਨੂੰ ਏਜੰਡੇ ਵਿਚ ਲਿਆਂਦਾ ਗਿਆ ਹੈ। ਨਗਰ ਨਿਗਮ ਦੀਆਂ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਉਦੋਂ ਤੱਕ ਚੋਣ ਜ਼ਾਬਤਾ ਵੀ ਲੱਗ ਸਕਦਾ ਹੈ, ਜਿਸ ਕਾਰਨ ਮੁਲਾਜ਼ਮ ਭਰਤੀ ਕਰਨ ਦਾ ਕੰਮ ਵਿਚਾਲੇ ਹੀ ਲਟਕ ਜਾਵੇਗਾ।
ਇਸ ਏਜੰਡੇ ਵਿਚ ਸ਼ਹਿਰ ਦੇ ਵਿਕਾਸ ਨੂੰ ਵੀ ਮੁੱਖ ਰੱਖਿਆ ਗਿਆ ਹੈ, ਖਾਸ ਕਰਕੇ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਦੇ ਕੰਮਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਪੁੱਟ ਕੇ ਸੀਵਰ ਲਾਈਨਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਹਰ ਪਾਸੇ ਤੋਂ ਸੜਕਾਂ ਪੁੱਟੇ ਜਾਣ ’ਤੇ ਲੋਕ ਔਖੇ ਹਨ। ਬੀਐੱਸਐੱਫ ਚੌਂਕ ਤੋਂ ਲਾਡੋਵਲੀ ਰੋਡ ਜਾਣ ਵਾਲੀ ਸੜਕ ’ਤੇ ਕਈ ਦਿਨਾਂ ਤੋਂ ਜੇਸੀਬੀ ਮਸ਼ੀਨਾਂ ਸੀਵਰ ਪਾਉਣ ਲਈ ਪੁਟਾਈ ਕਰਨ ’ਤੇ ਲੱਗੀਆਂ ਹੋਈਆਂ ਹਨ। ਇਥੇ ਪਾਈਪ ਪਾਉਣ ਤੋਂ ਬਾਅਦ ਸੜਕ ਨਹੀਂ ਬਣਾਈ ਗਈ।
ਇਸੇ ਤਰ੍ਹਾਂ 120 ਫੁੱਟੀ ਸੜਕ ਦਾ ਹਾਲ ਤਾਂ ਸਭ ਤੋਂ ਮਾੜਾ ਹੈ। ਇਸ ਸੜਕ ਹੇਠ ਵੀ ਪੈਣ ਵਾਲਾ ਸੀਵਰ ਸਭ ਤੋਂ ਵੱਡਾ ਹੈ ਤੇ ਸੀਵਰ ਲਈ ਪਾਈਪ ਬੜੇ ਡੂੰਘੇ ਪਾਏ ਜਾ ਰਹੇ ਹਨ। ਇਹੋ ਹਾਲ ਰਵਿਦਾਸ ਚੌਕ ਤੋਂ ਨਕੋਦਰ ਚੌਕ ਵੱਲ ਨੂੰ ਜਾਣ ਵਾਲੀ ਮੁੱਖ ਸੜਕ ਦਾ ਹੈ।ਕਾਫੀ ਰੁਝੇਂਵਿਆਂ ਵਾਲੀ ਇਸ ਸੜਕ ’ਤੇ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ। ਇਸੇ ਤਰ੍ਹਾਂ ਮਕਸੂਦਾਂ ਤੋਂ ਸ਼ਹਿਰ ਵੱਲ ਨੂੰ ਆਉਂਦੀ ਸੜਕ ਵੀ ਪੁੱਟੀ ਹੋਈ ਹੈ। ਉਧਰ ਸ਼ਹਿਰ ਵਿਚ ਸਟਰੀਟ ਲਾਈਟਾਂ ਦਾ ਵੀ ਬੁਰਾ ਹਾਲ ਹੈ ਤੇ ਅੱਧਾ ਸ਼ਹਿਰ ਰਾਤ ਨੂੰ ਹਨ੍ਹੇਰੇ ਵਿਚ ਡੁੱਬ ਰਹਿੰਦਾ ਹੈ।
ਕੈਬਨਿਟ ਮੰਤਰੀ ਪਰਗਟ ਸਿੰਘ ਲੰਮੇ ਸਮੇਂ ਤੋਂ ਨਗਰ ਨਿਗਮ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਨਤਕ ਰੈਲੀਆਂ ਵਿਚ ਕਿਹਾ ਸੀ ਕਿ ਜੇਕਰ ਕਾਂਗਰਸ ਨੇ ਚੋਣ ਜਿੱਤਣੀ ਹੈ ਤਾਂ ਨਗਰ ਨਿਗਮ ਦੀ ਕਾਰਜਸ਼ੈਲੀ ਨੂੰ ਸੁਧਾਰਨਾ ਪਵੇਗਾ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਨਗਰ ਨਿਗਮ ਦੇ ਕੰਮਾਂ ਨੂੰ ਲੈ ਕੇ ਅਫਸਰਾਂ ਦੀ ਖਿਚਾਈ ਕਰਦੇ ਰਹਿੰਦੇ ਹਨ।