ਪਵਨ ਗੋਇਲ
ਭੁੱਚੋ ਮੰਡੀ, 2 ਅਕਤੂਬਰ
ਪਿੰਡ ਤੁੰਗਵਾਲੀ ਵਿੱਚ ਬੀਤੀ ਦੇਰ ਸ਼ਾਮ ਕਥਿਤ ਨਸ਼ੇ ’ਚ ਧੁੱਤ ਇੱਕ ਕਿਸਾਨ ਆਗੂ ਨੇ ਦੁਕਾਨ ਵਿੱਚ ਬੈਠਣ ਤੋਂ ਰੋਕਣ ’ਤੇ ਇਕ ਪੱਤਰਕਾਰ ਅਤੇ ਉਸ ਦੀ ਪਤਨੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪਤੀ-ਪਤਨੀ ਨੇ ਹੇਠਾਂ ਬੈਠ ਕੇ ਮਸਾਂ ਜਾਨ ਬਚਾਈ।
ਇਸ ਮਾਮਲੇ ਸਬੰਧੀ ਪੁਲੀਸ ਨੇ ਸੁਰੇਸ਼ ਕੁਮਾਰ ਪੁੱਤਰ ਦਵਾਰਕਾ ਦਾਸ ਦੇ ਬਿਆਨਾਂ ’ਤੇ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤੁੰਗਵਾਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਬਾਰਾਂ ਬੋਰ ਰਾਈਫਲ ਦਾ ਖਾਲੀ ਖੋਲ ਬਰਾਮਦ ਹੋਇਆ ਹੈ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ ਜਿਸ ਵਿੱਚ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਰੇਸ਼ ਕੁਮਾਰ ਵੱਲੋਂ ਲਿਖਾਏ ਬਿਆਨਾਂ ਅਨੁਸਾਰ ਮੁਲਜ਼ਮ ਅਕਸਰ ਹੀ ਸ਼ਰਾਬ ਪੀ ਕੇ ਉਸ ਦੀ ਦੁਕਾਨ ’ਤੇ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਉਹ ਰਾਤ ਨੂੰ ਵੀ ਧੱਕੇ ਨਾਲ ਦੁਕਾਨ ਵਿੱਚ ਵੜ ਗਿਆ ਅਤੇ ਉਸ ਦੀ ਪਤਨੀ ਪਰਵੀਨ ਜਿੰਦਲ ਨੂੰ ਮਾੜਾ-ਚੰਗਾ ਬੋਲਿਆ। ਉਹ ਮਿੰਨਤਾਂ ਕਰਨ ਤੋਂ ਬਾਅਦ ਵੀ ਬਾਹਰ ਨਹੀਂ ਗਿਆ। ਉਸ ਨੂੰ ਜਦੋਂ ਦੁਕਾਨ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੋਵਾਂ ਨੂੰ ਗਾਲਾਂ ਕੱਢੀਆਂ ਤੇ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਘਰੋਂ ਬੰਦੂਕ ਚੁੱਕ ਲਿਆਇਆ। ਉਸ ਨੇ ਪਹਿਲਾਂ ਰਸਤੇ ਵਿੱਚ ਇੱਕ ਫਾਇਰ ਕੀਤਾ ਅਤੇ ਦੋ ਫਾਇਰ ਉਸ ਨੇ ਉਨ੍ਹਾਂ ਦੀ ਦੁਕਾਨ ਅੱਗੇ ਆ ਕੇ ਉਸ ਤੇ ਉਸ ਦੀ ਪਤਨੀ ਉਪਰ ਕਰ ਦਿੱਤੇ। ਇਸ ਦੌਰਾਨ ਪਤੀ ਪਤਨੀ ਹੇਠਾਂ ਬੈਠ ਗਏ ਅਤੇ ਦਰਵਾਜ਼ਾ ਬੰਦ ਕਰ ਲਿਆ।