ਡਾ. ਪਿਆਰੇ ਲਾਲ ਗਰਗ
ਕਰੋਨਾ ਮਹਾਮਾਰੀ ਨੂੰ ਰੋਕਣ ਵਾਸਤੇ ਸਾਡੇ ਦੇਸ਼ ਨੇ ਕਰਫਿਊ ਵਰਗਾ ਲੰਬਾ ਲੌਕਡਾਊਨ ਲਗਾ ਦਿੱਤਾ, ਇਸ ਨੂੰ ਹੀ ਕਰੋਨਾ ਦਾ ਉਪਚਾਰ ਸਮਝ ਲਿਆ। ਲੌਕਡਾਊਨ ਦੇ ਮਹੀਨਿਆਂ-ਬੱਧੀ ਚਲਦੇ ਰਹਿਣ ਕਾਰਨ ਅਰਥਵਿਵਸਥਾ ਢਹਿ-ਢੇਰੀ ਹੋ ਗਈ। ਸਰਕਾਰ ਦੇ ਅਵਿਗਿਆਨਕ, ਮੱਧਯੁਗੀ ਵਹਿਮਾਂ-ਭਰਮਾਂ ਵਾਲੇ ਬਿਮਾਰੀ ਰੋਕਣ ਦੇ ਯਤਨ ਵੀ ਅਸਫ਼ਲ ਹੋਣੇ ਲਾਜ਼ਮੀ ਹੀ ਸਨ। ਲੌਕਡਾਊਨ ਵੇਲੇ ਦੇ 499 ਕੇਸਾਂ ਤੋਂ ਵਧ ਪੰਜਾਹ ਲੱਖ ਕੇਸਾਂ ਨਾਲ ਭਾਰਤ ਦੂਜੇ ਨੰਬਰ ’ਤੇ ਆ ਗਿਆ। ਬੇਸ਼ੱਕ ਜੀਡੀਪੀ ਦਾ ਘਾਟਾ 23.9 ਫ਼ੀਸਦੀ ਹੋਇਆ ਹੈ ਪਰ ਜਿਹੜਾ ਦਸੌਂਟਾ ਦਿਹਾੜੀ ਕਰਨ ਵਾਲਿਆਂ ਨੇ, ਰੇਹੜੀ ਰਿਕਸ਼ੇ ਵਾਲਿਆਂ ਨੇ, ਫੜ੍ਹੀ ਤੇ ਫੇਰੀ ਵਾਲਿਆਂ ਨੇ, ਛੋਟੇ ਦੁਕਾਨਦਾਰਾਂ ਨੇ, ਰੁਜ਼ਗਾਰ ਖੁੱਸਣ ਕਾਰਨ ਗਰੀਬ ਮਜ਼ਦੂਰਾਂ ਨੇ ਝੱਲਿਆ, ਉਸ ਦਾ ਹਿਸਾਬ ਲਗਾਉਣਾ ਸ਼ਾਇਦ ਅਰਥ-ਸ਼ਾਸ਼ਤਰ ਨੇ ਅਜੇ ਸ਼ੁਰੂ ਨਹੀਂ ਕੀਤਾ। ਕਰੋੜਾਂ ਮਜ਼ਦੂਰਾਂ ਦਾ ਕੰਮ ਧੱਕੇ ਨਾਲ ਬੰਦ ਰੱਖੇ ਜਾਣਾ ਅਤੇ ਫਿਰ ਮਜਬੂਰੀ ਵੱਸ ਪੈਦਲ, ਸਾਈਕਲਾਂ ਆਦਿ ਰਾਹੀਂ ਚਾਲੇ ਪਾ ਦੇਣਾ ਜਿੱਥੇ ਕਰੋਨਾ ਫੈਲਣ ਵਿੱਚ ਭੂਮਿਕਾ ਨਿਭਾ ਗਿਆ ਉਥੇ ਅਰਥਵਿਵਸਥਾ ਨੂੰ ਵੀ ਚੌਪਟ ਕਰ ਗਿਆ। ਸਰਕਾਰ ਦਾ ਮਾਲੀਆ ਮੂਧੇ ਮੂੰਹ ਜਾ ਡਿੱਗਿਆ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਜੀਐੱਸਟੀ ਦੀ ਰਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ। ਇੱਕ ਅੰਦਾਜ਼ੇ ਮੁਤਾਬਕ ਦੋ ਕਰੋੜ ਰੁਜ਼ਗਾਰਾਂ ਦੀ ਬਲੀ ਲੈ ਲਈ, ਇਸ ਕਰਫਿਊ ਵਰਗੇ ਬੇਮਾਇਨੇ ਸਖਤ ਲੌਕਡਾਊਨ ਨੇ।
ਬਹੁਤ ਸਾਰੇ ਛੋਟੇ ਵੱਡੇ ਮੁਲਕਾਂ ਨੇ ਆਪਣਾ ਅਰਥਚਾਰਾ ਬਚਾਅ ਵੀ ਲਿਆ ਤੇ ਕਰੋਨਾ ਵੀ ਰੋਕ ਲਿਆ। ਜਿਵੇਂ ਅਸੀਂ ਕਰੋਨਾ ਕੇਸਾਂ ਵਿੱਚ ਅਮਰੀਕਾ ਤੋਂ ਦੂਜੇ ਨੰਬਰ ਉਪਰ ਹਾਂ, ਅਰਥਚਾਰੇ ਦੀ ਗਿਰਾਵਟ ਵਿੱਚ ਵੀ ਅਮਰੀਕਾ ਤੋਂ ਬਾਅਦ ਅਸੀਂ ਦੂਜੇ ਨੰਬਰ ਉਪਰ ਹਾਂ। ਇਸ ਮਹਾਮਾਰੀ ਉਪਰ ਕਾਬੂ ਪਾਉਣ ਵਾਸਤੇ ਅੱਜ ਵੀ ਲੋਕਾਂ ਨੂੰ ਨੱਕ-ਮੂੰਹ ਢੱਕ ਕੇ ਰੱਖਣ, ਸਮਾਜਿਕ ਤੇ ਜਿਸਮਾਨੀ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣ ਲਈ ਸਮੂਹਿਕ ਤੌਰ ’ਤੇ ਚੇਤੰਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਰਥਚਾਰੇ ਨੂੰ ਮੁੜ ਲੀਹ ’ਤੇ ਲਿਆਉਣ ਵਾਸਤੇ ਆਮ ਲੋਕਾਂ ਦੀ ਖਰੀਦ ਸ਼ਕਤੀ ਵਧਾਉਣੀ ਪਵੇਗੀ। ਮਗਨਰੇਗਾ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਅਤੇ ਕੰਮ ਦੇ ਦਿਨ ਵਧਾਉਣ ਦੇ ਨਾਲ ਹੀ ਸ਼ਹਿਰਾਂ ਵਿੱਚ ਮਗਨਰੇਗਾ ਲਾਗੂ ਕਰਨਾ, ਖਾਲੀ ਅਸਾਮੀਆਂ ਉਪਰ ਭਰਤੀਆਂ ਕਰਨੀਆਂ, ਖੇਤੀ ਨੂੰ ਉਤਸ਼ਾਹਤ ਕਰਨਾ, ਨਿਗੂਣੀ ਪੂੰਜੀ ਨਾਲ ਚੱਲ ਸਕਣ ਵਾਲੇ ਘਰੇਲੂ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਤ ਕਰਕੇ ਅਸੀਂ ਆਪਣੇ ਅਰਥਚਾਰੇ ਨੂੰ ਪੈਰਾਂ ਸਿਰ ਖੜ੍ਹਾ ਕਰ ਸਕਦੇ ਹਾਂ।
ਸੰਪਰਕ: 99145-05009
ਅਫ਼ਵਾਹਾਂ ਤੋਂ ਬਚ ਕੇ ਮਹਾਮਾਰੀ ਦਾ ਟਾਕਰਾ ਕਰਨ ਲੋਕ
ਅਫ਼ਵਾਹਾਂ ਦਰਸਾਉਂਦੀਆਂ ਹਨ ਕਿ 18 ਅਕਤੂਬਰ 2019 ਨੂੰ ਨਿਯੂਯਾਰਕ ਦੇ ਪੀਰੀ ਹੋਟਲ ਵਿੱਚ ਇੱਕ ਵੱਡਾ ਸੰਮੇਲਨ ਹੋਇਆ, ਜਿਸ ਦਾ ਨਾਮ ਹੈ ‘ਪੈਨਡੈਮਿਕ 201’, ਜਿਸ ਵਿੱਚ ਨਵੇਂ ਕਰੋਨਾ ਮਹਾਮਾਰੀ ਦੇ ਵਿਸ਼ਵ ਵਿੱਚ ਫੈਲਣ ਉਪਰ ਲੌਕਡਾਊਨ ਅਰਥਚਾਰਾ ਆਦਿ ਬਾਬਤ ਵੱਖ ਵੱਖ ਸੈਸ਼ਨਾਂ ਵਿੱਚ ਮਾਹਰਾਂ, ਸਮਾਜ ਵਿਗਿਆਨੀਆਂ, ਸੰਸਾਰ ਸਿਹਤ ਸੰਸਥਾ ਦੇ ਨੁਮਾਇੰਦਿਆਂ ਅਤੇ ਅਮਰੀਕਾ ਦੀ ਸੀਡੀਸੀ ਦੇ ਅਧਿਕਾਰੀਆਂ ਨੇ ਖੁੱਲ੍ਹ ਕੇ ਚਰਚਾ ਕੀਤੀ ਕਿ ਅਜਿਹੀ ਹਾਲਤ ਹੋਣ ’ਤੇ ਕੀ ਕਰਨਾ ਹੈ। ਇਸ ਹਕੀਕਤ ਉਪਰ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਕਿ ਨਵਾਂ ਕਰੋਨਾ ਵਾਇਰਸ ਇੱਕ ਖਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ। ਮਨੁੱਖੀ ਸਰੀਰ ਇਸ ਪ੍ਰਤੀ ਰੌਦਰ ਪ੍ਰਤੀਕਿਰਿਆ ਕਰਦਾ ਹੈ ਜਿਸ ਦੇ ਫਲਸਰੂਪ ਫੇਫੜੇ ਆਕਸੀਜਨ ਜ਼ਜ਼ਬ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ, ਸਾਹ ਬਹੁਤ ਔਖਾ ਹੋ ਜਾਂਦਾ ਹੈ, ਖੂਨ ਜੰਮ ਜਾਂਦਾ ਹੈ, ਗਤਲੇ ਬਣ ਜਾਂਦੇ ਹਨ ਅਤੇ ਵੱਖ ਵੱਖ ਅੰਗ ਫੇਲ੍ਹ ਹੋ ਜਾਂਦੇ ਹਨ। ਇਹ ਰਿਪੋਰਟਾਂ ਜੋ ਮਾਰਚ ਵਿੱਚ ਹੀ ਪ੍ਰਕਾਸ਼ਤ ਹੋ ਚੁੱਕੀਆਂ ਸਨ ਉਪਰ ਧਿਆਨ ਦੇਣ ਦੀ ਲੋੜ ਹੈ। ਇਹ ਜੈਵਿਕ ਜੰਗ ਹੈ ਜਾਂ ਨਹੀਂ, ਇਹ ਜੰਗ ਚੀਨ ਨੇ ਸ਼ੁਰੂ ਕੀਤੀ ਹੈ ਜਾਂ ਅਮਰੀਕਾ ਨੇ ਜਾਂ ਦੋਹਾਂ ਨੇ ਮਿਲੀਭੁਗਤ ਨਾਲ ਜਾਂ ਕਿਸੇ ਵੈਕਸੀਨ ਬਣਾਉਣ ਤੇ ਵੇਚਣ ਵਾਲੀਆਂ ਕੰਪਨੀਆਂ ਨੇ, ਇਸ ਦਾ ਫ਼ੈਸਲਾ ਬਾਅਦ ਵਿੱਚ ਕਰ ਲਿਆ ਜਾਵੇ। ਹਾਲ ਦੀ ਘੜੀ ਅਫ਼ਵਾਹਾਂ ਤੋਂ ਬਚ ਕੇ ਪੂਰੀ ਮੁਸਤੈਦੀ ਨਾਲ ਇਸ ਮਹਾਮਾਰੀ ਦਾ ਟਾਕਰਾ ਕਰਨ ਦੀ ਲੋੜ ਹੈ ਅਤੇ ਇਲਾਜ ਤੋਂ ਡਰਨ ਦੀ ਥਾਂ ਇਲਾਜ ਵੱਲ ਵਧਣ ਦੀ ਲੋੜ ਹੈ, ਟੋਟਕਿਆਂ ਨਾਲ ਕੰਮ ਨਹੀਂ ਚੱਲਣਾ।