ਐਨਪੀ. ਧਵਨ
ਪਠਾਨਕੋਟ, 29 ਅਕਤੂਬਰ
ਭੋਆ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਘਰ, ਦਫ਼ਤਰ, ਫਾਰਮ ਹਾਊਸ ਅਤੇ ਉਸ ਦੇ ਨਜ਼ਦੀਕੀ ਕਾਰੋਬਾਰੀਆਂ ਉਪਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਅੱਜ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਹੀ। ਸਾਰੀ ਰਾਤ ਆਮਦਨ ਕਰ ਵਿਭਾਗ ਦੀ ਟੀਮ ਸਾਬਕਾ ਵਿਧਾਇਕ ਦੇ ਘਰ ਦਸਤਾਵੇਜ਼ ਦੀ ਘੋਖ ਕਰਦੀ ਰਹੀ। ਵਿਭਾਗ ਵੱਲੋਂ ਕੀਤੀ ਜਾ ਰਹੀ ਪੜਤਾਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸ਼ਿਕੰਜਾ ਹਾਲੇ ਹੋਰ ਕੱਸਿਆ ਜਾਵੇਗਾ। ਵਿਭਾਗ ਵੱਲੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਨਾਲ ਸਬੰਧਿਤ ਹੋਰਨਾਂ ਕਾਰੋਬਾਰੀਆਂ ਦਾ ਵੇਰਵਾ ਵੀ ਇਕੱਤਰ ਕੀਤਾ ਜਾ ਰਿਹਾ ਹੈ ਤੇ ਹੋਰ ਕਈਆਂ ਨੂੰ ਵੀ ਇਸ ਕੇਸ ਦੀ ਜਾਂਚ ਪੜਤਾਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜੋਗਿੰਦਰ ਪਾਲ ਦਾ ਜ਼ਮੀਨਾਂ ਦੀ ਖਰੀਦੋ-ਫ਼ਰੋਖਤ ਦਾ ਕੰਮ ਜੱਟ ਨਾਂ ਦਾ ਵਿਅਕਤੀ ਸੰਭਾਲਦਾ ਸੀ, ਜਿਸ ਦੇ ਘਰ ਦੀ ਤਲਾਸ਼ੀ ਲੈਣ ਮਗਰੋਂ ਕਈ ਜ਼ਮੀਨਾਂ ਦੀਆਂ ਰਜਿਸਟਰੀਆਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਹੱਥ ਲੱਗੀਆਂ ਹਨ। ਜਾਂਚ ਅਧਿਕਾਰੀਆਂ ਵੱਲੋਂ ਹੁਣ ਇਨ੍ਹਾਂ ਜ਼ਮੀਨਾਂ ਦੀ ਖਰੀਦ ਲਈ ਆਮਦਨ ਦੇ ਸਰੋਤਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਚੱਲ ਰਹੇ ਬੈਂਕ ਲਾਕਰਾਂ ਅਤੇ ਪਰਿਵਾਰਕ ਮੈਂਬਰਾਂ ਕੋਲ ਮੌਜੂਦ ਸੋਨੇ ਦੇ ਗਹਿਣਿਆਂ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਛਾਪਾਮਾਰੀ ਵਿੱਚੋਂ ਆਮਦਨ ਕਰ ਵਿਭਾਗ ਦੇ ਹੱਥ ਕਾਫ਼ੀ ਅਹਿਮ ਸਬੂਤ ਲੱਗਣਗੇ। ਪਠਾਨਕੋਟ ਵਿੱਚ ਇੱਕ ਕਾਰੋਬਾਰੀ ਦੇ ਘਰ ਛਾਪੇ ਦੌਰਾਨ ਅਧਿਕਾਰੀਆਂ ਵੱਲੋਂ ਨੋਟ ਗਿਣਤੀ ਵਾਲੀ ਮਸ਼ੀਨ ਵੀ ਮੰਗਵਾਈ ਗਈ ਹੈ। ਹਾਲਾਂਕਿ ਹਾਲੇ ਕਿਸੇ ਵੀ ਅਧਿਕਾਰੀ ਵੱਲੋਂ ਇਨ੍ਹਾਂ ਛਾਪਿਆਂ ਦੌਰਾਨ ਪ੍ਰਾਪਤ ਹੋਏ ਕਿਸੇ ਦਸਤਾਵੇਜ਼ ਜਾਂ ਹੋਰ ਕਿਸੇ ਚੀਜ਼ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਜੋਗਿੰਦਰ ਪਾਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਸਿਹਤ ਵਿਗੜਨ ਕਾਰਨ ਬੀਤੀ ਸ਼ਾਮ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅੱਜ ਸਵੇਰੇ 11:30 ਵਜੇ ਛੁੱਟੀ ਮਿਲ ਗਈ ਹੈ, ਜਿਸ ਮਗਰੋਂ ਉਹ ਸੁਜਾਨਪੁਰ ਸਥਿਤ ਆਪਣੇ ਘਰ ਵਾਪਸ ਆ ਗਏ ਹਨ।