ਡਾ. ਪਿਆਰੇ ਲਾਲ ਗਰਗ
ਕਰੋਨਾਵਾਇਰਸ ਮਹਾਮਾਰੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ, ਜਿਨ੍ਹਾਂ ਵਿਚੋਂ ਇਕ ਅਫ਼ਵਾਹ ਹੈ ਕਿ ਮਾਸਕ ਪਹਿਨਣ ਨਾਲ ਆਕਸੀਜਨ ਘਟ ਜਾਂਦੀ ਹੈ ਅਤੇ ਕਾਰਬਨਡਾਈਆਕਸਾਈਡ ਅੰਦਰ ਜਾਂਦੀ ਰਹਿੰਦੀ ਹੈ। ਇਸ ਅਫ਼ਵਾਹ ਦੇ ਝੂਠੀ ਹੋਣ ਦੀ ਪੁਸ਼ਟੀ ਇਸੇ ਗੱਲ ਤੋਂ ਹੋ ਜਾਂਦੀ ਹੈ ਕਿ ਜਿਹੜੇ ਸਰਜਨ ਕਈ ਵਾਰ ਘੰਟਿਆਂਬੱਧੀ ਮਾਸਕ ਪਹਿਨ ਕੇ ਅਪਰੇਸ਼ਨ ਕਰਦੇ ਹਨ, ਮਾਸਕ ਕਾਰਨ ਉਨ੍ਹਾਂ ਦੀ ਆਕਸੀਜਨ ਘਟਣ ਅਤੇ ਸਰੀਰ ਵਿਚ ਕਾਰਬਨਡਾਈਆਕਸਾਈਡ ਵਧਣ ਦੀ ਕਦੇ ਕੋਈ ਕੋਈ ਰਿਪੋਰਟ ਨਹੀਂ ਆਈ ਹੈ।
ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਤਾਂ ਆਮ ਜਨਤਾ ਜਿੰਨਾ ਵੀ ਗਿਆਨ ਨਹੀਂ ਹੈ। ਲੋਕ ਤਾਂ ਨੱਕ-ਮੂੰਹ ’ਤੇ ਮਾਸਕ ਆਪਣੇ ਬਚਾਅ ਵਾਸਤੇ ਪਾਉਂਦੇ ਹਨ। ਗੰਦਾ ਚੁੱਕਣ ਵੇਲੇ ਪੁਰਸ਼ ਅਤੇ ਔਰਤਾਂ ਆਮ ਹੀ ਆਪਣਾ ਨੱਕ-ਮੂੰਹ ਮੰਡਾਸੇ ਜਾਂ ਚੁੰਨੀ ਨਾਲ ਢੱਕ ਕੇ ਰੱਖਦੇ ਹਨ। ਜਿਹੜੇ ਗਰਦ ਵਿਚ ਕੰਮ ਕਰਦੇ ਸਨ ਉਹ ਆਪਣੇ ਨੱਕ -ਮੂੰਹ ਉਪਰ ਮੰਡਾਸਾ ਮਾਰ ਕੇ ਰੱਖਦੇ ਸਨ। ਜਦੋਂ ਵੀ ਅਸੀਂ ਕਿਸੇ ਬਦਬੂ ਵਾਲੇ ਸਥਾਨ ਤੋਂ ਲੰਘਦੇ ਹਾਂ ਤਾਂ ਆਪਣਾ ਨੱਕ ਮੂੰਹ ਢੱਕ ਲੈਂਦੇ ਹਾਂ। ਹਾਂ ਨੱਕ-ਮੂੰਹ ਢੱਕਣ ਨੂੰ ਮਾਸਕ ਸ਼ਬਦ ਨੇ ਲੋਕਾਂ ਤੋਂ ਦੂਰ ਕਰ ਦਿੱਤਾ ਹੈ। ਮੂੰਹ ਤਾਂ ਚੁੰਨੀ ਨਾਲ, ਪੱਗ ਦੇ ਲੜ ਨਾਲ, ਰੁਮਾਲ ਬੰਨ੍ਹ ਕੇ, ਪਰਨਾ ਬੰਨ੍ਹ ਕੇ ਵੀ ਢੱਕਿਆ ਜਾ ਸਕਦਾ ਹੈ। ਪੁਰਾਣੇ ਕੱਪੜਿਆਂ ਵਿਚੋਂ ਤਿੰਨ ਤਹਿਆਂ ਬਣਾ ਕੇ ਤਣੀਆਂ ਲਗਾ ਕੇ ਮਾਸਕ ਬਣਾਏ ਜਾ ਸਕਦੇ ਹਨ। ਜੇ ਬਾਹਰਲੀ ਤਹਿ ਰੇਸ਼ਮੀ ਕੱਪੜੇ ਦੀ ਹੋਵੇ ਤਾਂ ਤਾਜ਼ਾ ਅਧਿਐਨਾਂ ਅਨੁਸਾਰ ਇਹ ਹੋਰ ਵੀ ਬਿਹਤਰ ਹੈ। ਕੱਪੜਾ ਨਵਾਂ ਜਾਂ ਪੁਰਾਣਾ ਦੋਵੇਂ ਕੰਮ ਆ ਸਕਦੇ ਹਨ। ਮਾਸਕ ਦੀ ਅੰਦਰਲੀ ਤਹਿ ਹਮੇਸ਼ਾ ਸੂਤੀ ਕੱਪੜੇ ਦੀ ਹੋਣੀ ਚਾਹੀਦੀ ਹੈ। ਮਾਸਕ ਨੂੰ ਅੰਦਰੋਂ ਜਾਂ ਬਾਹਰੋਂ ਨਹੀਂ ਛੂਹਣਾ ਚਾਹੀਦਾ। ਮਾਸਕ ਨਾਲ ਹੀ ਸੰਕ੍ਰਮਣ ਦਾ ਖ਼ਤਰਾ 75 ਫ਼ੀਸਦੀ ਘਟ ਜਾਂਦਾ ਹੈ।
ਸੰਪਰਕ: 99145-05009
ਕੋਵਿਡ-19 ਰੋਗ ਨਾਲ ਸਬੰਧਤ ਅਫ਼ਵਾਹਾਂ ਅਤੇ ਸੱਚਾਈ
ਇਕ ਪੋਸਟ ਬਹੁਤ ਦੇਰ ਤੋਂ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ ਅਤੇ ਕੁਝ ਹਫ਼ਤਿਆਂ ਦੇ ਵਕਫ਼ੇ ਬਾਅਦ ਮੁੜ ਪਾ ਦਿੱਤੀ ਜਾਂਦੀ ਹੈ ਕਿ ਕਰੋਨਾਵਾਇਰਸ ਝੂਠ ਹੈ। ਕੋਵਿਡ-19 ਰੋਗ ਵਾਇਰਸ ਨਹੀਂ, ਸਗੋਂ ਇਕ ਬੈਕਟੀਰੀਆ ਕਰਕੇ ਹੁੰਦਾ ਹੈ। ਕਿਹਾ ਜਾ ਰਿਹਾ ਹੈ ਕਿ ਸੰਸਾਰ ਸਿਹਤ ਸੰਸਥਾ ਨੇ ਪੋਸਟਮਾਰਟਮ ਦੀ ਮਨਾਹੀ ਕੀਤੀ ਸੀ ਪਰ ਇਟਲੀ ਸਰਕਾਰ ਨੇ ਪੋਸਟਮਾਰਟਮ ਕਰਵਾਏ ਅਤੇ ਪਾਇਆ ਕਿ ਕਰੋਨਾਵਾਇਰਸ ਤਾਂ ਹੈ ਹੀ ਨਹੀਂ। ਮੌਤ ਦਾ ਕਾਰਨ ਤਾਂ ਬੈਕਟੀਰੀਆ ਹੈ। ਅਸਲ ਵਿਚ ਪੋਸਟ ਵਿਚਲੇ ਦਾਅਵੇ ਬੇਬੁਨਿਆਦ ਹਨ। ਨਾ ਤਾਂ ਸੰਸਾਰ ਸਿਹਤ ਸੰਸਥਾ ਨੇ ਅਜਿਹੇ ਪੋਸਟਮਾਰਟਮ ਰੋਕੇ ਹਨ ਅਤੇ ਨਾ ਹੀ ਇਟਲੀ ਸਰਕਾਰ ਦਾ ਅਜਿਹਾ ਕੋਈ ਦਾਅਵਾ ਹੈ। ਇਟਲੀ ਸਰਕਾਰ ਨੇ ਤਾਂ ਪੋਸਟਮਾਰਟਮਾਂ ਵੇਲੇ ਵਾਇਰਸ ਦੀ ਜਾਂਚ ਵਾਸਤੇ ਨਮੂਨੇ ਵੀ ਲਏ। ਹਾਲਾਂਕਿ ਕਈ ਪੋਸਟਮਾਰਟਮ ਬਹੁਤ ਦੇਰੀ ਨਾਲ ਹੋਏ ਤਦ ਵੀ 75 ਫ਼ੀਸਦੀ ਵਿਚ ਕਰੋਨਾਵਾਇਰਸ ਪਾਇਆ ਗਿਆ ਹੈ ਅਤੇ ਇਨ੍ਹਾਂ ਵਿਗਿਆਨਕ ਤੱਥਾਂ ਵਾਲੇ ਲੇਖ ਵਿਗਿਆਨ ਜਰਨਲਾਂ ਵਿਚ ਪ੍ਰਕਾਸ਼ਿਤ ਵੀ ਹੋ ਚੁੱਕੇ ਹਨ।