ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਪਰੈਲ
ਕੋਲਕਾਤਾ ਦੀ ਸਵੈ-ਸੇਵੀ ਜਥੇਬੰਦੀ ਆਈਐੱਚਏ ਫਾਊਂਡੇਸ਼ਨ ਨੇ ਯੂਕਰੇਨ ਵਿੱਚ ਜੰਗ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਵਾਸਤੇ ਮੈਡੀਕਲ ਸਹਾਇਤਾ ਵਜੋਂ ਦਵਾਈਆਂ ਦੀ ਇਕ ਖੇਪ ਹਰਿਮੰਦਰ ਸਾਹਿਬ ਤੋਂ ਅਰਦਾਸ ਕਰ ਕੇ ਯੂਕਰੇਨ ਲਈ ਭੇਜੀ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ, ਗਿਆਨੀ ਗੁਰਮਿੰਦਰ ਸਿੰਘ ਅਤੇ ਅਰਦਾਸੀਆ ਭਾਈ ਗੁਰਚਰਨ ਸਿੰਘ ਹਾਜ਼ਰ ਸਨ। ਜਥੇਬੰਦੀ ਦੇ ਮੁਖੀ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਦੇ ਲੱਖਾਂ ਲੋਕ ਬੇਘਰ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਤੋਂ ਇਲਾਵਾ ਦਵਾਈਆਂ ਦੀ ਵੀ ਵੱਡੀ ਲੋੜ ਹੈ, ਉਨ੍ਹਾਂ ਦੀਆਂ ਲੋੜਾਂ ਨੂੰ ਵੇਖ ਕੇ ਹੋਰ ਸਾਮਾਨ ਵੀ ਭੇਜਿਆ ਜਾਵੇਗਾ।