ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 2 ਅਗਸਤ
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਟਲੀ ’ਚ ਹੋਈ ਅੰਡਰ-17 ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ਵਿਚ 110 ਕਿੱਲੋ ਭਾਰਤ ਵਰਗ ’ਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਜਸਪੂਰਨ ਸਿੰਘ ਦਾ ਸਨਮਾਨ ਕੀਤਾ। ਇਸ ਮੌਕ ਉਨ੍ਹਾਂ ਕਿਹਾ ਕਿ ਇਸ ਨਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿਚ ਹੋਰ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਬਹਿਰਾਮਪੁਰ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਵਿਚ 5 ਲੱਖ ਦੀ ਲਾਗਤ ਨਾਲ ਮੈਟ ਛੇਤੀ ਭੇਜਿਆ ਜਾਵੇਗਾ। ਪਹਿਲਵਾਨ ਦੇ ਪਿਤਾ ਕੁਲਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ 2024 ਦੀਆਂ ਉਲੰਪਿਕ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਦਾ ਟੀਚਾ ਹੈ ਅਤੇ ਉਹ ਆਪਣੇ ਪੁੱਤਰ ਦੇ ਇਸ ਟੀਚੇ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।
ਮੁੱਲਾਂਪੁਰ ਦੇ ਅਖਾੜੇ ’ਚ ਜਸਪੂਰਨ ਸਿੰਘ ਦਾ ਭਰਵਾਂ ਸਵਾਗਤ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਕਾਂਸੀ ਦਾ ਤਗਮਾ ਜਿੱਤਣ ਵਾਲੇ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਦਾ ਅੱਜ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿੱਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਵਿਸ਼ਵਕਰਮਾ ਮਹਾਵੀਰ ਜਿਮਨੇਜ਼ੀਅਮ ਐਂਡ ਰੈਸਲਿੰਗ ਕਲੱਬ ਪਿੰਡ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੇ ਸੀਨੀਅਰ ਅਹੁਦੇਦਾਰ, ਚੰਡੀਗੜ੍ਹ-ਯੂਟੀ ਰੈਸਲਿੰਗ ਐਸੋਸੀਏਸ਼ਨ ਦੇ ਚੇਅਰਮੈਨ ਰਵੀ ਸ਼ਰਮਾ, ਪਹਿਲਵਾਨ ਵਿਨੋਦ ਕੁਮਾਰ ਗੋਲੂ, ਪ੍ਰਧਾਨ ਸ਼ੇਰ ਸਿੰਘ ਮੱਲ ਸਮੇਤ ਉਕਤ ਪਹਿਲਵਾਨ ਦੇ ਪਿਤਾ ਪਹਿਲਵਾਨ ਕੁਲਤਾਰ ਸਿੰਘ ਸਮੇਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਤਾਇਕਵਾਂਡੋ: ਦਾਦੂਮਾਜਰਾ ’ਚ ਜੇਤੂ ਖਿਡਾਰੀਆਂ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਮਲੇਸ਼ੀਆ ਵਿੱਚ ਕਰਵਾਏ ਗਏ ਤਾਇਕਵਾਂਡੋ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਦੀ ਟੀਮ ਨੂੰ ਪਿੰਡ ਦਾਦੂਮਾਜਰਾ ਵਿੱਚ ਸਨਮਾਨਿਤ ਕੀਤਾ ਗਿਆ। ਤਾਇਕਵਾਂਡੋ ਟੀਮ ’ਚ ਪਿੰਡ ਦਾਦੂਮਾਜਰਾ ਦੇ ਦੋ ਸਕੇ ਭਰਾ ਕੁਸਮਬੀਰ ਸਿੰਘ ਬੈਦਵਾਣ, ਪਰਮੀਤ ਸਿੰਘ ਬੈਦਵਾਣ ਨੇ ਮੈਡਲ ਜਿੱਤ ਕੇ ਆਪਣੇ ਪਿਤਾ ਹਰਜਿੰਦਰ ਸਿੰਘ ਬੈਦਵਾਣ ਤੇ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਟੀਮ ਦੀ ਜਿੱਤ ਦੀ ਖੁਸ਼ੀ ਵਿਚ ਪਿੰਡ ਦਾਦੂਮਾਜਰਾ ਵਿੱਚ ਕਰਵਾਏ ਸਮਾਗਮ ’ਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।