ਪਾਲ ਸਿੰਘ ਨੌਲੀ
ਜਲੰਧਰ, 16 ਅਗਸਤ
ਸਤਿਕਾਰ ਕਮੇਟੀ ਵੱਲੋਂ ਚਾਰ ਸਾਲ ਪਹਿਲਾਂ ਜਲੰਧਰ ਵਿੱਚੋਂ ਧਾਰਮਿਕ ਉਲੰਘਣਾ ਦੇ ਨਾਂ ਹੇਠ ਜਬਰੀ ਚੁੱਕੇ ਗਏ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਬਾਰੇ ਇਹ ਮੰਨ ਲਿਆ ਗਿਆ ਹੈ ਕਿ ਸਰੂਪ ਉਨ੍ਹਾਂ ਕੋਲ ਹਨ ਪਰ ਇਸ ਨੂੰ ਵਾਪਸ ਕਰਨ ਦੀ ਹਾਮੀ ਨਹੀਂ ਭਰੀ ਜਾ ਰਹੀ। ਕਮੇਟੀ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਉਸ ਦੇ ਦਰਸ਼ਨ ਕਰ ਸਕਦਾ ਹੈ। ਦੇਸ਼ ਦੀ 1947 ਵਿੱਚ ਹੋਈ ਵੰਡ ਦੌਰਾਨ ਜਦੋਂ ਉਸ ਵੇਲੇ ਹਰ ਥਾਂ ਕਤਲੋਗਾਰਤ ਹੋ ਰਹੀ ਸੀ ਤਾਂ ਗੁਰਸਿੱਖ ਪਰਿਵਾਰ ਨੇ ਇਸ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਤਿਕਾਰ ਨਾਲ ਲਿਆਂਦਾ ਸੀ।
ਜ਼ਿਕਰਯੋਗ ਹੈ ਕਿ ਇਹ ਸਰੂਪ ਪਾਕਿਸਤਾਨ ਦੇ ਗੁਰਦੁਆਰਾ ਭਾਈ ਤਾਰੂ ਸਿੰਘ ਵਿੱਚ ਸੁਸ਼ੋਭਿਤ ਸਨ।
ਜਲੰਧਰ ਵਿੱਚ 70 ਸਾਲ ਤੱਕ ਆਪਣੇ ਘਰ ਵਿੱਚ ਹੀ ਇਸ ਦੀ ਸੇਵਾ ਸੰਭਾਲ ਕਰਦੇ ਪਰਿਵਾਰ ਵਲੋਂ ਸਾਂਭੇ ਸਰੂਪ ਅਕਤੂਬਰ 2016 ਵਿੱਚ ਸਤਿਕਾਰ ਕਮੇਟੀ ਨੇ ਇਹ ਕਹਿੰਦਿਆਂ ਚੁੱਕ ਲਏ ਸਨ ਕਿ ਮਰਿਆਦਾ ਅਨੁਸਾਰ ਇਸ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਸਵਰਗੀ ਮਾਸਟਰ ਅਮਰੀਕ ਸਿੰਘ ਦੇ ਘਰ ਸੁਸ਼ੋਭਿਤ ਉਕਤ ਸਰੂਪ ਲਿਜਾਏ ਜਾਣ ਸਮੇਂ ਲਿਖਤੀ ਤੌਰ ’ਤੇ ਇਹ ਸਰੂਪ ਵਾਪਸ ਕਰ ਦੇਣ ਦਾ ਇਕਰਾਰ ਕੀਤਾ ਗਿਆ ਸੀ ਜਿਹੜਾ ਚਾਰ ਸਾਲਾਂ ਦਾ ਸਮਾਂ ਬੀਤਣ ’ਤੇ ਵੀ ਵਫਾ ਨਹੀਂ ਹੋਇਆ।
ਪਰਿਵਾਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਹੱਥ ਲਿਖ਼ਤ ਇਤਿਹਾਸਕ ਅਤੇ ਪੁਰਾਤਨ ਸਰੂਪ ਦੇ ਪਹਿਲੇ ਕੁਝ ਪੰਨੇ ਸੋਨੇ ਨਾਲ ਲਿਖ਼ੇ ਹੋਏ ਹਨ। ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਦੇ ਵਾਸਤੇ ਪਾਉਂਦੇ ਰਹੇ ਪਰ ਇਨਸਾਫ਼ ਨਹੀਂ ਮਿਲਿਆ।
ਭਾਈ ਮੁੱਛਲ ਨੇ ਆਪਣੇ ਫ਼ੇਸਬੁੱਕ ਪੇਜ ’ਤੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਪੋਸਟਾਂ ਨੂੰ ਝੂਠ ਦੱਸਦਿਆਂ ਮੰਨ ਲਿਆ ਹੈ ਕਿ ਇਹ ਪੁਰਾਤਨ ਗੁਰਦੁਆਰੇ ਵਿਚ ਹਨ ਤੇ ਇਸ ਦੇ ਕੋਈ ਵੀ ਦਰਸ਼ਨ ਕਰ ਸਕਦਾ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕਿ ਇਹ ਸਰੂਪ ਵਾਪਸ ਪਰਿਵਾਰ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਤਿਕਾਰ ਕਮੇਟੀ ਵੱਲੋਂ ਚੁੱਕੇ ਗਏ ਸਾਰੇ ਸਰੂਪਾਂ ਦੇ ਮਾਮਲਿਆਂ ਦੀ ਜਾਂਚ ਲਈ ਹਾਈਕੋਰਟ ਤੱਕ ਵੀ ਪਹੁੰਚ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਟਾਂਡਾ ਦੇ ਇਕ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਸਰੂਪ ਚੁੱਕ ਲਏ ਗਏ ਸਨ ਜਿਸ ਦਾ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਕੀਤਾ ਸੀ।