ਚਰਨਜੀਤ ਭੁੱਲਰ
ਚੰਡੀਗੜ੍ਹ, 19 ਜੂਨ
ਪੰਜਾਬੀ ਲੋਕਾਂ ਦਾ ਫੈਂਸੀ ਨੰਬਰਾਂ ਦਾ ਸ਼ੌਕ ਖ਼ਜ਼ਾਨੇ ਨੂੰ ਧੱਕਾ ਲਾਉਣ ਲੱਗਾ ਹੈ। ਆਖਿਆ ਜਾਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸੇ ਚੱਕਰ ‘ਚ ਫੈਂਸੀ ਨੰਬਰ ਲੱਖਾਂ ’ਚ ਵਿਕਦੇ ਹਨ। ਦੋ ਵਰ੍ਹਿਆਂ ਤੋਂ ਸਰਕਾਰੀ ਖ਼ਜ਼ਾਨੇ ਨੂੰ ਫੈਂਸੀ ਨੰਬਰਾਂ ਤੋਂ ਚੰਗੀ ਕਮਾਈ ਹੋਈ। ਲੋਕਾਂ ਦੀ ਫੈਂਸੀ ਨੰਬਰਾਂ ਦੀ ਪਸੰਦ ਵੱਖੋ ਵੱਖਰੀ ਹੈ। ਪੁਰਾਣੇ ਰਜਿਸਟ੍ਰੇਸ਼ਨ ਨੰਬਰ (ਵਿੰਟੇਜ ਨੰਬਰ) ਸਾਲ 2017 ਤੋਂ ਬੰਦ ਹੋ ਗਏ ਹਨ, ਜਿਸ ਕਰਕੇ ਈ-ਨਿਲਾਮੀ ’ਚ ਨਵੇਂ ਨੰਬਰ ਮਹਿੰਗੇ ਵਿਕਣ ਲੱਗੇ ਹਨ। ਟਰਾਂਸਪੋਰਟ ਵਿਭਾਗ ਪੰਜਾਬ ਤੋਂ ਆਰਟੀਆਈ ‘ਚ ਪ੍ਰਾਪਤ ਵੇਰਵਿਆਂ ਅਨੁਸਾਰ ਲੰਘੇ ਦੋ ਵਰ੍ਹਿਆਂ (2018 ਤੇ 2019) ’ਚ ਗੱਡੀਆਂ ਦੇ ਫੈਂਸੀ ਨੰਬਰਾਂ (ਰਜਿਸਟ੍ਰੇਸ਼ਨ ਨੰਬਰ) ਤੋਂ ਸਰਕਾਰੀ ਖਜ਼ਾਨੇ ਨੂੰ 41.48 ਕਰੋੜ ਦੀ ਆਮਦਨ ਹੋਈ ਹੈ। ਮਤਲਬ, ਪੰਜਾਬੀ ਲੋਕ ਫੈਂਸੀ ਨੰਬਰਾਂ ’ਤੇ ਔਸਤਨ ਹਰ ਮਹੀਨੇ ਪੌਣੇ ਦੋ ਕਰੋੜ ਰੁਪਏ ਖਰਚਦੇ ਹਨ। ਪ੍ਰਤੀ ਦਿਨ ਦੀ ਔਸਤਨ ਪੌਣੇ ਛੇ ਲੱਖ ਰੁਪਏ ਬਣਦੀ ਹੈ। ਜਦੋਂ ਤੋਂ ਫੈਂਸੀ ਨੰਬਰਾਂ ਦੀ ਰਿਜ਼ਰਵ ਕੀਮਤ ਘਟਾਈ ਹੈ, ਉਦੋਂ ਤੋਂ ਆਮਦਨੀ ਦਾ ਗਰਾਫ ਉਤਾਂਹ ਚੜ੍ਹਿਆ ਹੈ। ਸਰਕਾਰੀ ਸੂਚਨਾ ਅਨੁਸਾਰ ਫੈਂਸੀ ਨੰਬਰਾਂ ਤੋਂ ਸਾਲ 2018 ਵਿੱਚ 16.41 ਕਰੋੜ ਰੁਪਏ ਅਤੇ ਸਾਲ 2019 ਵਿਚ 25.07 ਕਰੋੜ ਦੀ ਆਮਦਨ ਹੋਈ ਹੈ। ਜਨਵਰੀ 2020 ਦੇ ਇੱਕੋ ਮਹੀਨੇ ’ਚ ਇਹੋ ਆਮਦਨ 2.34 ਕਰੋੜ ਦੀ ਰਹੀ ਹੈ। ਫੈਂਸੀ ਨੰਬਰ 0001 ਦੀ ਪਹਿਲਾਂ ਰਾਖਵੀਂ ਕੀਮਤ ਪੰਜ ਲੱਖ ਰੁਪਏ ਸੀ ਜੋ ਦੋ ਸਾਲ ਪਹਿਲਾਂ ਘਟਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਜਨਵਰੀ 2014 ਤੋਂ ਦਸੰਬਰ 2017 (ਚਾਰ ਸਾਲ) ਦੌਰਾਨ ਫੈਂਸੀ ਨੰਬਰਾਂ ਤੋਂ ਕਮਾਈ ਸਿਰਫ 3.88 ਕਰੋੜ ਰਹੀ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੇ ਸਕੱਤਰ ਦਮਨਜੀਤ ਸਿੰਘ ਦਾ ਕਹਿਣਾ ਸੀ ਕਿ ਰਾਖਵੀਂ ਕੀਮਤ ਘਟਣ ਮਗਰੋਂ ਲੋਕਾਂ ਵਿੱਚ ਈ-ਨਿਲਾਮੀ ’ਚ ਫੈਂਸੀ ਨੰਬਰ ਲੈਣ ਦਾ ਰੁਝਾਨ ਵਧਿਆ ਹੈ। ਉਨ੍ਹਾਂ ਦੱਸਿਆ ਕਿ ਕਈ ਖਾਸ ਨੰਬਰਾਂ ਦੀ ਬੋਲੀ ਤਾਂ ਛੇ-ਛੇ ਲੱਖ ਤੱਕ ਵੀ ਚਲੀ ਜਾਂਦੀ ਹੈ। ਜਾਣਕਾਰੀ ਅਨੁਸਾਰ ਜੋ ਪਹਿਲਾਂ ਵਿੰਟੇਜ ਨੰਬਰ (ਛੋਟੇ ਨੰਬਰ) ਕਾਫੀ ਮਹਿੰਗੇ ਵਿਕਦੇ ਸਨ, ਉਹ ਹੁਣ ਮਿਲਣੇ ਬੰਦ ਹੋ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪੁਰਾਣਾ ਨੰਬਰ ਪੀ.ਬੀ. 22 ਜੀ. ਬਹੁਕੀਮਤੀ ਹੈ। ਜਦੋਂ ਵੀ ਨਵੀਂ ਸੀਰੀਜ਼ ਸ਼ੁਰੂ ਹੁੰਦੀ ਹੈ, ਲੋਕ ਆਨਲਾਈਨ ਈ-ਨਿਲਾਮੀ ਦੇਣੀ ਸ਼ੁਰੂ ਕਰ ਦਿੱਤੇ ਹਨ। ਫੈਂਸੀ ਨੰਬਰ 0001 ਤੋਂ 0009 ਤੱਕ ਤਾਂ ਹੱਥੋਂ ਹੱਥ ਵਿਕ ਜਾਂਦਾ ਹੈ। ਅਗਸਤ 2019 ਮਹੀਨੇ ਵਿੱਚ ਪੀ.ਬੀ 30 ਐਕਸ 0001 ਨੰਬਰ ਤਾਂ 5.47 ਲੱਖ ਰੁਪਏ ਵਿਕਿਆ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਵਪਾਰੀ ਤਬਕਾ ਫੈਂਸੀ ਨੰਬਰ ਲੈਂਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਰਧਾ ਵਜੋਂ ਲੋਕ ਆਮ ਤੌਰ ’ਤੇ ਫੈਂਸੀ ਨੰਬਰ 1313 ਜਾਂ ਫਿਰ 0013 ਨੂੰ ਵੀ ਤਰਜੀਹ ਦਿੰਦੇ ਹਨ। ਸ਼ਰਾਬ ਦੇ ਠੇਕੇਦਾਰਾਂ ਤੋਂ ਬਿਨਾਂ ਅਮੀਰ ਘਰਾਂ ਦੇ ਕਾਕੇ ਫੈਂਸੀ ਨੰਬਰਾਂ ਦੇ ਗਾਹਕ ਬਣਦੇ ਹਨ। 8055 ਨੰਬਰ ਕਾਫੀ ਮਹਿੰਗਾ ਵਿਕਦਾ ਹੈ ਜਿਸ ਦਾ ਭੁਲੇਖਾ ਅੰਗਰੇਜ਼ੀ ਲਫਜ਼ ‘ਬਾਸ’ ਦਾ ਪੈਂਦਾ ਹੈ। ਪੁਰਾਣਾ ਟਰੈਕਟਰ 5911 ਕਾਫੀ ਮਸ਼ਹੂਰ ਹੁੰਦਾ ਸੀ। ਪੇਂਡੂ ਨੌਜਵਾਨ 5911 ਨੰਬਰ ਨੂੰ ਲੈਣ ਲਈ ਤਰਲੋਮੱਛੀ ਹੁੰਦੇ ਹਨ। ਇੱਕੋ ਤਰ੍ਹਾਂ ਜਿਵੇਂ 9999, 2222 ਜਾਂ ਫਿਰ 7777 ਫੈਂਸੀ ਨੰਬਰ ਵੀ ਮਹਿੰਗੀ ਬੋਲੀ ‘ਤੇ ਚੜ੍ਹਦੇ ਹਨ।
ਜ਼ਿਲ੍ਹਾ ਸੰਗਰੂਰ ਵਿਚ 0786 ਨੰਬਰ ਦੀ ਜ਼ਿਆਦਾ ਮੰਗ ਰਹਿੰਦੀ ਹੈ। ਮਾਲੇਰਕੋਟਲਾ ਦੇ ਐਡਵੋਕੇਟ ਕਾਸ਼ਿਫ ਅਲੀ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਭਾਈਚਾਰਾ ਸ਼ਰਧਾ ਵਜੋਂ 0786 ਨੰਬਰ ਲੈਣ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿਚ ਕਾਫੀ ਵਾਹਨਾਂ ਦੇ ਨੰਬਰ 0786 ਰਜਿਸਟ੍ਰੇਸ਼ਨ ਵਾਲੇ ਹਨ। ਪਿਛਲੇ ਸਮੇਂ ਤੋਂ ਗੈਰ ਮੁਸਲਿਮ ਲੋਕਾਂ ’ਚ ਵੀ ਇਹ ਨੰਬਰ ਪ੍ਰ੍ਰਚਲਿਤ ਹੋਇਆ ਹੈ। ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਚ ਤਾਂ ਫੈਂਸੀ ਨੰਬਰਾਂ ‘ਤੇ ਲੋਕ 15 ਲੱਖ ਰੁਪਏ ਤੱਕ ਵੀ ਖਰਚਦੇ ਹਨ। ਰਿਜ਼ਨਲ ਟਰਾਂਸਪੋਰਟ ਅਥਾਰਟੀ ਮੁਹਾਲੀ ਦੇ ਸਕੱਤਰ ਸੁਖਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਨਵੀਂ ਪੀੜ੍ਹੀ ਫੈਂਸੀ ਨੰਬਰਾਂ ਲਈ ਜ਼ਿਆਦਾ ਪੱਬਾਂ ਭਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕਰਕੇ ਹੁਣ ਫੈਂਸੀ ਨੰਬਰਾਂ ਦਾ ਕੰਮ ਘਟਿਆ ਹੈ।
ਮਨਪ੍ਰੀਤ ਬਾਦਲ ਵੀ 0786 ਦੇ ਸ਼ੌਕੀਨ
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 0786 ਨੰਬਰ ਦੇ ਸ਼ੌਕੀਨ ਹਨ। ਉਹ ਇਸ ਨੰਬਰ ਨੂੰ ਸ਼ੁਭ ਮੰਨਦੇ ਹਨ। ਉਨ੍ਹਾਂ ਦੀ ਹੌਂਡਾ ਕਾਰ ਦਾ ਨੰਬਰ ਪੀਬੀ 10ਬੀਐੱਸ 0786, ਫਾਰਚੂਨਰ ਗੱਡੀ ਦਾ ਨੰਬਰ ਪੀਜੇਟੀ 0786 ਅਤੇ ਮੈਸੀ ਟਰੈਕਟਰ ਦਾ ਨੰਬਰ ਪੀਬੀ 60 ਏ 7860 ਹੈ। ਇਸੇ ਤਰ੍ਹਾਂ ਤਿੰਨ ਜੀਪਾਂ ਦੇ ਨੰਬਰ ਵੀ 0786 ਵਾਲੇ ਹੀ ਹਨ। ਇੱਕ ਜੌਂਗਾ ਵੀ ਪੀਬੀ 10 ਏਜੇ 0786 ਨੰਬਰ ਵਾਲਾ ਹੈ।