ਸ਼ਗਨ ਕਟਾਰੀਆ
ਬਠਿੰਡਾ, 21 ਅਕਤੂਬਰ
ਬਠਿੰਡਾ ਦੇ ਥਰਮਲ ਪਲਾਂਟ ਨੂੰ ਢਾਹੁਣ ਲਈ ਪੰਜਾਬ ਸਰਕਾਰ ਨੇ ਭਾਵੇਂ ਟੈਂਡਰ ਪਾਸ ਕਰ ਦਿੱਤਾ ਹੈ, ਪਰ ਥਰਮਲ ਦੀ ਸਲਾਮਤੀ ਚਾਹੁਣ ਵਾਲੀਆਂ ਜਥੇਬੰਦੀਆਂ ਆਪਣੀ ਥਾਂ ਡਟੀਆਂ ਹੋਈਆਂ ਹਨ। ਅੱਜ ਜਿਉਂ ਹੀ ਥਰਮਲ ਨੂੰ ਢਾਹੁਣ ਦਾ ਠੇਕਾ ਲੈਣ ਵਾਲੀ ਟੀਮ ਦੇ ਆਉਣ ਦੀ ਭਿਣਕ ਇਨ੍ਹਾਂ ਸੰਗਠਨਾਂ ਨੂੰ ਪਈ ਤਾਂ ਕਿਸਾਨਾਂ ਅਤੇ ਬਿਜਲੀ ਕਰਮਚਾਰੀਆਂ ਨੇ ਥਰਮਲ ਦੇ ਗੇਟ ’ਤੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਦੇ ਕਥਿਤ ਰੌਂਅ ਨੂੰ ਵੇਖਦਿਆਂ ਮੁੁੰਬਈ ਤੋਂ ਆਈ ਕੰਪਨੀ ਦੇ ਅਧਿਕਾਰੀਆਂ ਨੇ ਕੰਮ ਰੋਕ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਮੁੜ ਚਾਲੂ ਕਰਨ ਦਾ ਭਾਵੇਂ ਵਾਅਦਾ ਕੀਤਾ ਸੀ, ਪਰ ਇਸ ਨੂੰ ਚਲਾਉਣ ਦੀ ਥਾਂ ਉਲਟਾ ਪੁੱਡਾ ਨੂੰ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਐੱਚਆਰ ਕੰਪਨੀ ਵੱਲੋਂ ਇਸ ਥਰਮਲ ਨੂੰ ਤੋੜਨ ਦੀ ਅੱਜ ਸ਼ੁਰੂਆਤ ਹੋਣੀ ਸੀ, ਪਰ ਸੂਹ ਮਿਲਣ ’ਤੇ ਇਥੇ ਰੇਲ ਪਟੜੀ ’ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਅਤੇ ਬਿਜਲੀ ਮੁਲਾਜ਼ਮਾਂ ਨੇ ਥਰਮਲ ਗੇਟ ਅੱਗੇ ਆ ਕੇ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧ ਹੁੰਦਾ ਵੇਖ, ਕੰਪਨੀ ਨੇ ਆਪਣਾ ਕੰਮ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਕ ਕੰਪਨੀ ਨੇ ਇਸ ਕੰਮ ਲਈ 164.6 ਕਰੋੜ ਰੁਪਏ ਦਾ ਟੈਂਡਰ ਲਿਆ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ, ਸੁਖਦੀਪ ਸਿੰਘ ਬਾਠ, ਸੁਖਦਰਸ਼ਨ ਖੇਮੂਆਣਾ ਅਤੇ ਭਾਕਿਯੂ ਡਕੌਂਦਾ ਦੇ ਹਰਬਿੰਦਰ ਸਿੰਘ ਫਰੀਦਕੋਟ ਕੋਟਲੀ ਆਦਿ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਇਹ ਪ੍ਰਣ ਕੀਤਾ ਹੈ ਕਿ ਥਰਮਲ ਪਲਾਂਟ ਨੂੰ ਕਿਸੇ ਵੀ ਕੀਮਤ ’ਤੇ ਢਾਹੁਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕੰਪਨੀ ਇਸ ਥਰਮਲ ਪਲਾਂਟ ਨੂੰ ਢਾਹੁਣ ਆਵੇਗੀ ਤਾਂ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਵੀ ਕੀਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ, ਭਾਕਿਯੂ ਸਿੱਧੂਪੁਰ ਦੇ ਗੁਰਮੇਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ, ਥਰਮਲ ਆਗੂ ਰਘਬੀਰ ਸਿੰਘ ਆਦਿ ਹਾਜ਼ਰ ਸਨ।