ਪੱਤਰ ਪ੍ਰੇਰਕ
ਮਾਨਸਾ, 10 ਜੁਲਾਈ
ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਅਗਲੇ 48 ਘੰਟਿਆਂ ਤੱਕ ਬਣਾਂਵਾਲਾ ਥਰਮਲ ਪਲਾਂਟ ਤੋਂ ਬਿਜਲੀ ਸਪਲਾਈ ਚਾਲੂ ਹੋਣ ਦੀ ਕੋਈ ਆਸ ਨਹੀਂ ਹੈ। ਨਿੱਜੀ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਲਾਏ ਗਏ ਇਸ ਤਾਪ ਘਰ ਦੇ ਪਹਿਲੀ ਵਾਰ ਤਿੰਨੋਂ ਯੂਨਿਟ ਇਕੱਠੇ ਬੰਦ ਹੋਏ ਹਨ। ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ ਅਤੇ ਇਸ ਵੇਲੇ ਇਹ ਤਾਪ ਘਰ ਉਤਰੀ ਗਰਿੱਡ ਨੂੰ ਬਿਜਲੀ ਦੇਣ ਤੋਂ ਬਿਲਕੁਲ ਨਾਕਾਮ ਪਿਆ ਹੈ। ਪ੍ਰਬੰਧਕਾਂ ਅਨੁਸਾਰ ਟੀਐੱਸਪੀਐਲ ਦੇ ਇੰਜਨੀਅਰਾਂ ਦੀ ਟੀਮ ਦੱਖਣੀ ਕੋਰੀਆ, ਭਾਰਤ ਹੈਵੀ ਇਲੈਟ੍ਰੀਕਲ ਲਿਮਟਿਡ, ਜਨਰਲ ਇਲੈਟ੍ਰੀਕਲ ਕੰਪਨੀ ਅਤੇ ਸੀਮਸ ਦੇ ਮਾਹਿਰ ਇੰਜਨੀਅਰਾਂ ਨਾਲ ਦਿਨ-ਰਾਤ ਕੰਮ ਕਰ ਰਹੀ ਹੈ ਤਾਂ ਕਿ ਤਕਨੀਕੀ ਖ਼ਰਾਬੀ ਦੂਰ ਕਰ ਕੇ ਇਕਾਈਆਂ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਚੀਨ ਤੋਂ ਮੰਗਵਾਏ ਉਪਕਰਨ ਇਕ ਤੋਂ ਦੋ ਦਿਨਾਂ ’ਚ ਪਹੁੰਚਣ ਦੀ ਸੰਭਾਵਨਾ ਹੈ ਤੇ ਛੇਤੀ ਹੀ ਟੀਐੱਸਪੀਐੱਲ ਦੀਆਂ ਸਾਰੀਆਂ ਇਕਾਈਆਂ ਤੋਂ ਬਿਜਲੀ ਉਤਪਾਦਨ ਸ਼ੁਰੂ ਕਰਵਾ ਦਿੱਤਾ ਜਾਵੇਗਾ। ਤਾਪ ਘਰ ਦੇ ਪ੍ਰਬੰਧਕਾਂ ਨੇ ਪਹਿਲੀ ਵਾਰ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਸੰਕਟ ਦੀਆਂ ਸਥਿਤੀਆਂ ’ਚ ਟੀਐੱਸਪੀਐਲ ਦੀਆਂ ਤਿੰਨੋਂ ਇਕਾਈਆਂ ਤੋਂ ਅਚਾਨਕ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਸ ਦੀ ਇੱਕ ਇਕਾਈ ਅਗਲੇ 48 ਘੰਟਿਆਂ ਵਿਚ ਠੀਕ ਹੋ ਜਾਵੇਗੀ ਪਰ ਦੂਜੀ ਇਕਾਈ ਬਹਾਲ ਹੋਣ ਲਈ ਹਾਲੇ ਸਮਾਂ ਲੱਗ ਸਕਦਾ ਹੈ।
ਪੰਜਾਬ ’ਚ ਥਰਮਲ ਬੰਦ ਕਰਨ ਸਬੰਧੀ ਕੇਜਰੀਵਾਲ ਦੀ ਪਟੀਸ਼ਨ ਦਾ ਵਿਰੋਧ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਨਾ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਬਿਜਲੀ ਸੰਕਟ ਨਾਲ ਘਿਰਿਆ ਹੋਇਆ ਹੈ। ਕਿਸਾਨਾਂ, ਸਨਅਤਕਾਰਾਂ, ਵਪਾਰੀਆਂ ਤੇ ਆਮ ਆਦਮੀ ਨੂੰ ਬਿਜਲੀ ਨਹੀਂ ਮਿਲ ਰਹੀ। ਅਜਿਹੇ ਵੇਲੇ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਾਜਿਸ਼ ਦਾ ਹਿੱਸਾ ਹੈ। ਜੇ ਪਟੀਸ਼ਨ ਸਫਲ ਹੋ ਜਾਂਦੀ ਹੈ ਤਾਂ ਸੂਬੇ ਦੀ ਸਨਅਤ ਖਤਮ ਹੋ ਜਾਵੇਗੀ। ਕਿਸੇ ਵੀ ਸੂਬੇ ਨੂੰ ਦੂਜੇ ਸੂਬੇ ਖ਼ਿਲਾਫ਼ ਡਟਣਾ ਸੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਸਚਾਈ ਇਹ ਹੈ ਕਿ ਦਿੱਲੀ ਵਿਚ ਬਿਜਲੀ ਪੰਜਾਬ ਨਾਲੋਂ ਵੀ ਮਹਿੰਗੀ ਹੈ। -ਟਨਸ