ਨਿਹਾਲ ਸਿੰਘ ਵਾਲਾ/ਮੋਗਾ: ਸਾਲ 1984 ਦੇ ਸਿੱਖ ਕਤਲੇਆਮ ਵਿੱਚ ਗੁੜਗਾਉਂ ਤੇ ਪਟੌਦੀ ਵਿੱਚ 47 ਸਿੱਖਾਂ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਭਲਕੇ 11 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਹੋਵੇਗੀ। ਇਸ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਸਾਲ 1984 ਵਿਚ ਵਾਪਰੇ ਹਰਿਆਣਾ ਦੇ ਹੋਦ ਚਿੱਲੜ ਕਾਂਡ ਦੇ 32 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਬੇ ਸਮੇਂ ਤੋਂ ‘ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ’ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਕਾਨੂੰਨੀ ਲੜਾਈ ਲੜ ਰਹੇ। ਉਨ੍ਹਾਂ ਆਖਿਆ ਕਿ ਹਰਿਆਣਾ ਦੇ ਗੁੜਗਾਉਂ ਅਤੇ ਪਟੌਦੀ ਵਿੱਚ ਹੋਏ 47 ਸਿੱਖਾਂ ਦੇ ਕਤਲੇਆਮ ਅਤੇ 83 ਹੋਰ ਪੀੜਤਾਂ ਦੇ ਮਾਮਲਿਆਂ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਕੀਤੇ 133 ਕੇਸਾਂ ਦੀ ਸੁਣਵਾਈ 11 ਅਕਤੂਬਰ ਨੂੰ ਹੋਵੇਗੀ। ਭਾਈ ਘੋਲੀਆ ਨੇ ਦੱਸਿਆ ਕਿ ਦੋਵਾਂ ਸ਼ਹਿਰਾਂ ਵਿੱਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੌਰਾਨ 47 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਦਕਿ ਬਹੁਤ ਸਾਰੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਦੌਰਾਨ ਇਸ ਇਲਾਕੇ ’ਚ ਸਿੱਖਾਂ ਦੀਆਂ ਛੇ ਫੈਕਟਰੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਸਨ। ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ਦੇ ਗਵਾਹ ਤੇ ਪੀੜਤ ਸੰਤੋਖ ਸਿੰਘ ਰਾਹੀਂ ਹਾਈ ਕੋਰਟ ਵਿੱਚ ਕੇਸ ਲਾਏ ਗਏ ਹਨ। -ਪੱਤਰ ਪ੍ਰੇਰਕ