ਰਵੇਲ ਸਿੰਘ ਭਿੰਡਰ
ਪਟਿਆਲਾ, 10 ਅਪਰੈਲ
ਰੁਜ਼ਗਾਰ ਦੀ ਮੰਗ ਨੂੰ ਲਈ ਇੱਥੇ ਬੀਐਸਐਨਐਲ ਟਾਵਰ ਦੇ ਸਿਖ਼ਰ ’ਤੇ ਚੜ੍ਹੇ ਦੋਵੇਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋਣ ਲੱਗੀ ਹੈ। ਦੋਵੇਂ ਕਾਰਕੁਨ ਪਿਛਲੇ 21 ਦਿਨਾਂ ਤੋਂ ਭੁੱਖੇ ਪਿਆਸੇ ਟਾਵਰ ’ਤੇ ਚੜ੍ਹ ਕੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਉਧਰ 11 ਅਪਰੈਲ ਨੂੰ ਪੰਜਾਬ ਭਰ ’ਚੋਂ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵੱਲ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਨ ਲਈ ਪਹੁੰਚਣਗੇ। ਦੱਸਣਯੋਗ ਹੈ ਕਿ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ, ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਲਈ ਬਿਨਾਂ ਵਾਧੂ ਸ਼ਰਤਾਂ ਨੌਕਰੀਆਂ ਖੋਲ੍ਹਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਅਜਿਹੇ ਦੌਰਾਨ ਭਾਵੇਂ ਦੋਵੇਂ ਕਾਰਕੁਨ ਟਾਵਰ ’ਤੇ 21 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ ਤੇ ਮੰਗਾਂ ਦੀ ਪੂਰਤੀ ਦੇ ਬਿਨਾਂ ਹੇਠਾਂ ਉਤਰਨ ਤੋਂ ਇਨਕਾਰੀ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਵੇਂ ਕਾਰਕੁਨਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਟਾਵਰ ਸੰਘਰਸ਼ੀਆਂ ਦੀ ਸਾਰ ਲੈਣ ਤੋਂ ਵੀ ਕੰਨੀ ਕਤਰਾ ਰਹੀ ਹੈ। ਦੋਵੇਂ ਕਾਰਕੁਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਿਮਾਰ ਹਨ ਪਰ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਅਜਿਹੇ ਨਾ ਪੱਖੀ ਰਵੱਈਏ ਕਾਰਨ 11 ਅਪਰੈਲ ਨੂੰ ਪੰਜਾਬ ਭਰ ’ਚੋਂ ਬੇਰੁਜ਼ਗਾਰ ਅਧਿਆਪਕ ਪਟਿਆਲਾ ਪੁੱਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਨਗੇ।