ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜੁਲਾਈ
ਕਰੋਨਾ ਯੋਧਿਆਂ ਨੇ ਆਪਣੀਆਂ ਸੇਵਾਵਾਂ ਬਹਾਲ ਕਰਵਾਉਣ ਲਈ ਯੂਨੀਅਨ ਆਗੂ ਸੰਜੀਵ ਗਿੱਲ ਦੀ ਅਗਵਾਈ ਹੇਠ ਅੱਜ ਇੱਥੇ ਰਾਜਿੰਦਰਾ ਹਸਪਤਾਲ ਅੱਗੇ ਧਰਨਾ ਲਾ ਕੇ ਘੰਟਾ ਭਰ ਕੌਮੀ ਮਾਰਗ ’ਤੇ ਆਵਾਜਾਈ ਰੋਕੀ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅੱਗੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਮੀਟਿੰਗ ਤੈਅ ਹੋਣ ਮਗਰੋਂ ਹੀ ਧਰਨਾ ਚੁੱਕਣ ਦੀ ਸ਼ਰਤ ਰੱਖੀ। ਅਧਿਕਾਰੀਆਂ ਤੋਂ ਇਸ ਗੱਲ ਦਾ ਪਤਾ ਲੱਗਣ ’ਤੇ ਸਿਹਤ ਮੰਤਰੀ ਨਾ ਸਿਰ਼ਫ ਸਮਾਣਾ ਤੋਂ ਪਟਿਆਲਾ ਆਏ, ਸਗੋਂ ਮੁਲਾਜ਼ਮਾਂ ਦੇ ਨਾਲ ਧਰਨੇ ’ਤੇ ਵੀ ਬੈਠੇ। ਉਨ੍ਹਾਂ ਕਰੋਨਾ ਯੋਧਿਆਂ ਦੀਆਂ ਸੇਵਾਵਾਂ ਬਹਾਲ ਕਰਵਾਉਣ ਲਈ ਪੂਰੀ ਵਾਹ ਲਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਕਰੋਨਾ ਵਾਲੰਟੀਅਰਾਂ ਨੇ ਧਰਨਾ ਚੁੱਕ ਲਿਆ।
ਭਾਵੇਂ ਪਹਿਲਾਂ ਕਰੋਨਾ ਯੋਧੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਪਰ ਮੰਤਰੀ ਦੇ ਧਰਨੇ ਵਿੱਚ ਆ ਬੈਠਣ ਨਾਲ ਉਹ ਨਰਮ ਪੈ ਗਏ। ਧਰਨੇ ਵਿੱਚੋਂ ਜਾਣ ਦੀ ਆਗਿਆ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਾਰਾ ਦਿਨ ਉਨ੍ਹਾਂ ਨਾਲ ਧਰਨੇ ਵਿੱਚ ਬੈਠਣ ਲਈ ਤਿਆਰ ਹਨ ਪਰ ਲੋਕਾਂ ਦੀ ਖੱਜਲ-ਖੁਆਰੀ ਕਾਰਨ ਧਰਨਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੌੜੇਮਾਜਰਾ ਨੇ ਕਿਹਾ ਕਿ ਬਿਨਾਂ ਸ਼ੱਕ ਹੱਕਾਂ ਖਾਤਰ ਰੋਸ ਜ਼ਾਹਰ ਕਰਨਾ ਹਰ ਵਿਅਕਤੀ ਦਾ ਸੰਵਿਧਾਨਕ ਹੱਕ ਹੈ ਪਰ ਲੋਕਾਂ ਦੀ ਖੱਜਲ-ਖੁਆਰੀ ਦਾ ਖਿਆਲ ਵੀ ਰੱਖਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਮੱਸਿਆਵਾਂ ਤੇ ਮੰਗਾਂ ਦੇ ਨਬਿੇੜੇ ਲਈ ਵਚਨਬੱਧ ਹੈ ਪਰ ਪਿਛਲੀਆਂ ਸਰਕਾਰਾਂ ਕਾਰਨ ਸੂਬੇ ਦੀ ਵਿਗੜੀ ਦਸ਼ਾ ਸੁਧਾਰਨ ਲਈ ਅਜੇ ਕੁਝ ਸਮਾਂ ਲੱਗੇਗਾ। ਉਨ੍ਹਾਂ ਨਰੋਏ ਪੰਜਾਬ ਦੀ ਸਿਰਜਣਾ ਲਈ ਲੋਕਾਂ ਤੋਂ ਸਹਿਯੋਗ ਮੰਗਿਆ।
ਜੌੜੇਮਾਜਰਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤਾਂ ਦੂਰ ਪਿਛਲੀਆਂ ਸਰਕਾਰ ਦੌਰਾਨ ਮੰਤਰੀਆਂ ਨਾਲ ਮੀਟਿੰਗਾਂ ਤੈਅ ਕਰਵਾਉਣ ਲਈ ਵੀ ਮੁਲਾਜ਼ਮਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪੈਂਦੀ ਸੀ ਪਰ ‘ਆਪ’ ਸਰਕਾਰ ਖੁਦ ਚੱਲ ਕੇ ਲੋਕਾਂ ਦੇ ਦਰਬਾਰ ਵਿੱਚ ਆਉਣ ਦੀ ਸਮਰੱਥਾ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰ ਨੌਕਰੀਆਂ ਕੱਢਣ ਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਗਏ ਐਲਾਨ ’ਤੇ ਅਮਲ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਕਰੋਨਾ ਵਾਲੰਟੀਅਰਾਂ ਦੀ ਮੰਗ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ‘ਆਪ’ ਦੇ ਸਥਾਨਕ ਪ੍ਰਧਾਨ ਰਾਜਿੰਦਰ ਮਹਿਤਾ ਵੀ ਮੌਜੂਦ ਸਨ।