ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਜੁਲਾਈ
ਸੂਬੇ ’ਚ ਦਿਨੋਂ ਦਿਨ ਵੱਧ ਰਹੀ ਗਰਮੀ ਕਾਰਨ ਬਿਜਲੀ ਦੀ ਵੀ ਮੰਗ ਵੱਧ ਰਹੀ ਹੈ ਪਰ ਮੰਗ ਪੂਰੀ ਨਾ ਹੋਣ ਕਾਰਨ ਬਿਜਲੀ ਵਿਭਾਗ ਵੱਲੋਂ ਕੱਟ ਲਗਾਏ ਜਾ ਰਹੇ ਹਨ। ਬੀਤੀ ਰਾਤ ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਨੇ ਪਿੰਡ ਚੀਮਾ ਦੇ ਬਿਜਲੀ ਗਰਿੱਡ ’ਚ ਰੋਸ ਮੁਜ਼ਾਹਰਾ ਕੀਤਾ। ਗਰਿੱਡ ਮੁਲਾਜ਼ਮਾਂ ਨੇ ਲੋਕਾਂ ’ਤੇ ਗਰਿੱਡ ’ਚ ਭੰਨਤੋੜ ਕਰਨ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਗਰਿੱਡ ਮੁਲਾਜ਼ਮ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਘਰਾਂ ਦੀ ਬਿਜਲੀ ’ਤੇ ਕੱਟ ਲੱਗਣ ਕਾਰਨ ਪਿੰਡ ਨਾਈਵਾਲਾ, ਜੋਧਪੁਰ ਅਤੇ ਪੱਤੀ ਸੇਖਵਾਂ ਦੇ ਲੋਕ ਵੱਡੀ ਗਿਣਤੀ ’ਚ ਇਕੱਠ ਹੋ ਕੇ ਗਰਿੱਡ ਆਏ ਹੋਏ ਸਨ। ਉਨ੍ਹਾਂ ਪਹਿਲਾਂ ਡਿਊਟੀ ’ਤੇ ਤੈਨਾਤ ਮੁਲਾਜ਼ਮ ਰਘਵੀਰ ਸਿੰਘ ਨਾਲ ਕਥਿਤ ਦੁਰਵਿਹਾਰ ਕੀਤਾ ਹੈ ਅਤੇ ਬਾਅਦ ਵਿੱਚ ਡਾਗਾਂ-ਸੋਟੀਆਂ ਨਾਲ ਗਰਿੱਡ ’ਚ ਕਥਿਤ ਤੌਰ ’ਤੇ ਭੰਨਤੋੜ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਲੋਕਾਂ ਨੇ ਗਰਿੱਡ ਦਾ ਮੁੱਖ ਗੇਟ, ਇਮਾਰਤ ਦੇ ਕੈਬਿਨ ਦੇ ਸ਼ੀਸ਼ੇ ਤੋਂ ਇਲਾਵਾ ਮੇਜ਼ ਦਾ ਸ਼ੀਸ਼ਾ ਭੰਨ ਦਿੱਤਾ। ਇਸ ਸਾਰੀ ਘਟਨਾ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾ ਦਿੱਤੀ ਗਈ ਹੈ।
ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੀਐੱਸਯੂ ਦੇ ਸਬ-ਡਿਵੀਜ਼ਨ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਿਜਲੀ ਗਰਿੱਡਾਂ ਵਿੱਚ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਉਥੇ ਗਰਿੱਡ ’ਚ ਭੰਨਤੋੜ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਕੰਮ ਬੰਦ ਕਰਕੇ ਗਰਿੱਡਾਂ ਨੂੰ ਜਿੰਦੇ ਲਾ ਦੇਣਗੇ।
‘ਆਪ’ ਵੱਲੋਂ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਭਲਕੇ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਗਰਮੀ ਦਾ ਸਿਖਰ ਹੋਣ ਦੇ ਬਾਵਜੂਦ ਖੇਤੀ ਅਤੇ ਘਰੇਲੂ ਖੇਤਰ ’ਚ ਅਣਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਤੋਂ ਬੇਪ੍ਰਵਾਹ ਹੋ ਕੇ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਮੌਜਾਂ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਸੰਕਟ ਵਿਰੁੱਧ ‘ਆਪ’ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ 3 ਜੁਲਾਈ ਨੂੰ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਾਸੀਆਂ ਨੂੰ ਸਸਤੀ ਅਤੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਵਿਧਾਇਕ ਨੇ ਦੋਸ਼ ਲਾਇਆ ਕਿ ਬੇਹੱਦ ਮਹਿੰਗੀ ਬਿਜਲੀ ਦਾ ਸਭ ਤੋਂ ਵੱਡਾ ਕਾਰਨ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗਲਤ ਸਮਝੌਤੇ ਹਨ ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਰੱਦ ਨਹੀਂ ਕੀਤਾ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕੀਤੇ ਜਾਣਗੇ ਜਾਂ ਨਵੇਂ ਸਿਰਿਉਂ ਕੀਤੇ ਜਾਣਗੇ।
-ਟਨਸ