ਜਸਵੰਤ ਜੱਸ
ਫ਼ਰੀਦਕੋਟ, 11 ਜੂਨ
ਫਰੀਦਕੋਟ ਸ਼ਹਿਰ ਵਿੱਚ ਜਾਮਣਾਂ ਦੇ ਰੁੱਖਾਂ ਹੇਠੋਂ ਸੈਂਕੜੇ ਮਰੇ ਹੋਏ ਪੰਛੀ ਮਿਲੇ ਹਨ। ਇਨ੍ਹਾਂ ਪੰਛੀਆਂ ਦੀ ਮੌਤ ਫ਼ਲਦਾਰ ਬੂਟਿਆਂ ਉੱਪਰ ਜ਼ਹਿਰੀਲੀ ਸਪਰੇਅ ਕਰਨ ਨਾਲ ਹੋਈ ਹੈ। ਪਰ ਪ੍ਰਸ਼ਾਸਨ ਪੰਛੀਆਂ ਦੀ ਮੌਤ ਲਈ ਰਾਤ ਸਮੇਂ ਆਈ ਤੇਜ਼ ਹਨੇਰੀ ਅਤੇ ਇਸ ਤੋਂ ਦੋ ਦਿਨ ਪਹਿਲਾਂ ਪਈ ਸਖ਼ਤ ਗਰਮੀ ਨੂੰ ਦੱਸ ਰਿਹਾ ਹੈ।
ਪੰਛੀ ਅਤੇ ਵਾਤਾਵਰਨ ਪ੍ਰੇਮੀ ਪਰਿੰਦਿਆਂ ਦੀ ਮੌਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ, ਬੇਅੰਤ ਕੌਰ ਅਤੇ ਹਰਬਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਹਨੇਰੀ ਕਾਰਨ ਪੰਛੀਆਂ ਦੀ ਮੌਤ ਨਹੀਂ ਹੋ ਸਕਦੀ।
ਸ੍ਰੀ ਸੇਖੋਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਜਾਮਣਾਂ ਦੇ ਕਰੀਬ ਇੱਕ ਹਜ਼ਾਰ ਬੂਟਿਆਂ ਨੂੰ 6 ਲੱਖ ਰੁਪਏ ਵਿੱਚ ਅੱਗੇ ਠੇਕੇ ਉੱਪਰ ਦੇ ਦਿੱਤੇ ਹਨ ਅਤੇ ਠੇਕੇਦਾਰਾਂ ਨੇ ਜਾਮਣਾਂ ਦਾ ਵੱਧ ਝਾੜ ਲੈਣ ਲਈ ਰੁੱਖਾਂ ਉੱਪਰ ਜ਼ਹਿਰੀਲੀ ਸਪਰੇਅ ਛਿੜਕੀ ਹੈ ਜਿਸ ਨਾਲ ਤੋਤੇ, ਘੁੱਗੀਆਂ, ਲਾਲੀਆਂ ਤੇ ਚਿੜੀਆਂ ਆਦਿ ਜਾਨਵਰ ਵੱਡੀ ਗਿਣਤੀ ਵਿੱਚ ਮਰੇ ਹਨ। ਉਨ੍ਹਾਂ ਕਿਹਾ ਕਿ ਪੰਛੀਆਂ ਦੀ ਹਾਲਤ ਵੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋਈ ਹੈ।
ਜ਼ਿਲ੍ਹਾ ਬਾਗਬਾਨੀ ਅਫ਼ਸਰ ਡਾ. ਕਿਰਨਦੀਪ ਸਿੰਘ ਨੇ ਕਿਹਾ ਕਿ ਜਾਮਣਾਂ ਦੇ ਬੂਟਿਆਂ ਉੱਪਰ ਕਿਸੇ ਨੂੰ ਵੀ ਕੋਈ ਵੀ ਸਪਰੇਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਠੇਕੇਦਾਰਾਂ ਨੇ ਆਪਣੇ ਪੱਧਰ ’ਤੇ ਕੋਈ ਸਪਰੇਅ ਕੀਤੀ ਹੋਵੇ ਅਤੇ ਉਹ ਇਸ ਮਾਮਲੇ ਦੀ ਪੜਤਾਲ ਕਰਨਗੇ। ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਵੀ ਜਾਮਣਾਂ ਦੇ ਸੌ ਤੋਂ ਵੱਧ ਰੁੱਖ ਹਨ ਅਤੇ ਇਨ੍ਹਾਂ ਰੁੱਖਾਂ ਦੀ ਉਮਰ 70 ਸਾਲ ਤੋਂ ਵੱਧ ਹੈ। ਇਨ੍ਹਾਂ ਰੁੱਖਾਂ ਹੇਠ ਸਭ ਤੋਂ ਵੱਧ ਮਰੇ ਹੋਏ ਪੰਛੀ ਦੇਖੇ ਗਏ ਹਨ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਪਈ ਤੇਜ਼ ਗਰਮੀ ਅਤੇ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਵੀ ਪੰਛੀਆਂ ਦੇ ਮਰਨ ਦੀ ਸੂਚਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜਾਮਣ ਦੇ ਰੁੱਖ ਜਾਂ ਬਾਗ਼ਾਂ ਉੱਪਰ ਜ਼ਹਿਰੀਲੀ ਸਪਰੇਅ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਜਾਨਵਰਾਂ ਦੇ ਮਰਨ ਦੇ ਮਾਮਲੇ ਦੀ ਪੜਤਾਲ ਕਰਨਗੇ। ਸੂਚਨਾ ਅਨੁਸਾਰ ਫ਼ਲਦਾਰ ਰੁੱਖਾਂ ਉੱਪਰ ਹਿਲਜ਼ਿਮ ਨਾਂ ਦੀ ਦਵਾਈ ਦੀ ਸਪਰੇਅ ਕੀਤਾ ਗਿਆ ਹੈ।
ਜਾਮਣ ਦੇ ਰੁੱਖਾਂ ਦਾ ਠੇਕਾ ਲੈਣ ਵਾਲੇ ਬੰਸੀ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਜ਼ਹਿਰੀਲੀ ਸਪਰੇਅ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇੰਨੀ ਵੱਡੀ ਪੱਧਰ ’ਤੇ ਜਾਨਵਰਾਂ ਦੀ ਮੌਤ ਕਿਵੇਂ ਹੋਈ?
ਕੀਟਨਾਸ਼ਕ ਦਵਾਈਆਂ ਦੇ ਲਿਫ਼ਾਫ਼ੇ ਮਿਲੇ
ਜਿੱਥੇ ਮਰੇ ਹੋਏ ਪੰਛੀ ਮਿਲੇ ਹਨ, ਉਥੇ ਕੀਟਨਾਸ਼ਕ ਦਵਾਈ ਦੇ ਖਾਲੀ ਪਏ ਲਿਫ਼ਾਫ਼ੇ ਵੀ ਮਿਲੇ ਹਨ। ਦਿਲਚਸਪ ਤੱਥ ਇਹ ਹੈ ਕਿ ਪੰਛੀ ਫਲਦਾਰ ਬੂਟਿਆਂ ਥੱਲੇ ਹੀ ਮਰੇ ਹਨ, ਆਮ ਰੁੱਖਾਂ ਥੱਲੇ ਨਹੀਂ। ਇਸ ਤੋਂ ਸਪੱਸ਼ਟ ਹੈ ਕਿ ਫ਼ਲਦਾਰ ਰੁੱਖਾਂ ਉੱਪਰ ਜ਼ਹਿਰੀਲੀ ਦਵਾਈ ਛਿੜਕੀ ਗਈ ਹੈ।