ਆਤਿਸ਼ ਗੁਪਤਾ
ਚੰਡੀਗੜ੍ਹ, 11 ਮਾਰਚ
ਪੰਜਾਬ ਦੀ ਸੱਤਾ ’ਤੇ ਲੰਮਾ ਸਮਾਂ ਕਾਬਜ਼ ਰਹੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕੇ ਪੰਜਾਬੀਆਂ ਲਈ ਆਮ ਆਦਮੀ ਪਾਰਟੀ ਵੱਡੀ ਉਮੀਦ ਬਣ ਕੇ ਉੱਭਰੀ ਹੈ। ਇਨ੍ਹਾਂ ਉਮੀਦਾਂ ਖਾਤਰ ਹੀ ਪੰਜਾਬੀਆਂ ਨੇ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਮੂਧੇ ਮੂੰਹ ਸੁੱਟ ਕੇ ‘ਆਪ’ ਨੂੰ ਵੱਡਾ ਹੁੰਗਾਰਾ ਦਿੰਦਿਆਂ 117 ’ਚੋਂ 92 ਸੀਟਾਂ ’ਤੇ ਜਿੱਤ ਦਿਵਾਈ ਹੈ। ਪੰਜਾਬੀਆਂ ਦੇ ਭਰੋਸੇ ਸਦਕਾ ‘ਆਪ’ ਨੇ ਜਿੰਨੀ ਵੱਡੀ ਜਿੱਤ ਹਾਸਲ ਕੀਤੀ ਹੈ, ਹੁਣ ‘ਆਪ’ ਆਗੂਆਂ ਦੇ ਸਿਰ ਜ਼ਿੰਮੇਵਾਰੀ ਵੀ ਓਨੀ ਵੱਡੀ ਹੈ।
ਮੌਜੂਦਾ ਸਮੇਂ ’ਚ ਪੰਜਾਬ ਨਸ਼ਿਆਂ ਦਾ ਗੜ੍ਹ ਬਣ ਗਿਆ ਹੈ। ਇੱਥੇ ਨਕਲੀ ਸ਼ਰਾਬ ਦਾ ਵੀ ਕਾਰੋਬਾਰ ਚੱਲ ਰਿਹਾ ਹੈ। ਸੂਬੇ ਵਿੱਚ ਸਿੱਖਿਆ ਪ੍ਰਣਾਲੀ ਹੈ ਤੇ ਸਿਹਤ ਪ੍ਰਬੰਧ ਦਾ ਵੀ ਬੁਰਾ ਹਾਲ ਹੈ। ਬੇਰੁਜ਼ਗਾਰ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ। ਔਰਤਾਂ ਦੀ ਸਮਾਜਿਕ ਸੁਰੱਖਿਆ ਵੀ ਦਾਅ ’ਤੇ ਲੱਗੀ ਹੋਈ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ’ਚ ਕਿਸਾਨ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਪੰਜਾਬ ਦੀ ਜ਼ਮੀਨ ਬੰਜਰ ਤੇ ਵਾਤਾਵਰਨ ਪਲੀਤ ਹੁੰਦਾ ਜਾ ਰਿਹਾ ਹੈ। ਮਗਨਰੇਗਾ ਤਹਿਤ ਪੂਰਾ ਕੰਮ ਨਹੀਂ ਮਿਲ ਰਿਹਾ। ਰਵਾਇਤੀ ਪਾਰਟੀਆਂ ਨੇ ਲੰਮਾ ਸਮਾਂ ਪੰਜਾਬ ’ਤੇ ਰਾਜ ਕੀਤਾ, ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸੱਕਿਆ। ਹੁਣ ‘ਆਪ’ ਨੇ ਪੰਜਾਬੀਆਂ ਦੇ ਮਨਾਂ ਵਿੱਚ ਬਦਲਾਅ ਦੀ ਨਵੀਂ ਕਿਰਨ ਜਗਾਈ ਹੈ ਜਿਸ ਕਰਕੇ ਹੀ ਅੱਜ ‘ਆਪ’ ਨੂੰ ਬਹੁਮੱਤ ਨਾਲ ਜਿੱਤ ਹਾਸਲ ਹੋਈ ਹੈ। ਸੂਬਾ ਵਾਸੀਆਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਹੁਣ ਜ਼ਰੂਰੀ ਹੈ ਕਿ ਸੂਬੇ ’ਚ ਨਵੀਂ ਬਣਨ ਵਾਲੀ ‘ਆਪ’ ਸਰਕਾਰ ਉੱਪਰ ਬਿਆਨੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਪੱਖੀ ਫ਼ੈਸਲੇ ਲਵੇ। ਸੂਬੇ ’ਚ ਖੇਤੀਬਾੜੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ’ਚ ਵਿਕਾਸ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੀ ਥਾਂ ਆਪਣੇ ਸੂਬੇ ਵਿੱਚ ਰਹਿ ਕੇ ਰੁਜ਼ਗਾਰ ਹਾਸਲ ਕਰ ਸਕਣ।