ਟ੍ਰਿਬਿਊਨ ਫੀਚਰ ਸਰਵਿਸ
ਚੰਡੀਗੜ੍ਹ, 3 ਅਕਤੂਬਰ
100 ਸਾਲ ਪਹਿਲਾਂ 4 ਅਕਤੂਬਰ 1920 ਨੂੰ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਵਿਚ ਜਨਮੇ ਸਤਪਾਲ ਡਾਂਗ ਦੀ ਜ਼ਿੰਦਗੀ ਨੂੰ ਇਕ ਵਾਕ ਵਿਚ ਕਹਿਣਾ ਹੋਵੇ ਤਾਂ ਉਨ੍ਹਾਂ ਦੇ ਇਕ ਸਾਥੀ ਦੇ ਸ਼ਬਦਾਂ ਵਿਚ ਉਹ ਸੰਘਰਸ਼ ਨਾਲ ਭਰਿਆ ਮਨੁੱਖ ਸੀ (He was a man full of struggle)। ਇਤਿਹਾਸਕਾਰ ਬਿਪਨ ਚੰਦਰ ਕਹਿੰਦਾ ਹੁੰਦਾ ਸੀ, ‘ਉਹ ਇਕ ਸੰਤ ਐ। ਉਹਦੇ ਵਰਗੀ ਘਾਲਣਾ ਕੋਈ ਹੋਰ ਨਹੀਂ ਘਾਲ ਸਕਦਾ।’ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਪਾਰਟੀ ਦਾ ਦੋ ਹਿੱਸਿਆਂ ਵਿੱਚ ਵੰਡੇ ਜਾਣਾ ਸੀ। ਉਹਨੂੰ ਯਾਦ ਕਰਦਿਆਂ ਜਸਵੰਤ ਸਿੰਘ ਕੰਵਲ ਨੇ ਦਿੱਲੀ ’ਚ ਕਿਹਾ ਸੀ, ‘ਬੰਦਾ ਈ ਓਹੋ ਸੀ… ਏਨ੍ਹਾਂ ਸਾਰਿਆਂ ਤੋਂ ਉੱਤੇ ਸੀ ਉਹ।’
ਲੋਕ ਇਨਾਮਾਂ ਪਿੱਛੇ ਪਾਗਲ ਹੋਏ ਫਿਰਦੇ ਹਨ। ਇਹ ਗੱਲ 1997-1998 ਦੀ ਹੈ ਕਿ ਤਤਕਾਲੀਨ ਸਰਕਾਰ ਨੇ ਫੈਸਲਾ ਕੀਤਾ ਕਿ 1998 ਦੇ ਗਣਤੰਤਰ ਦਿਵਸ ਦੇ ਮੌਕੇ ’ਤੇ ਸਤਪਾਲ ਡਾਂਗ ਨੂੰ ਪਦਮ ਭੂਸ਼ਣ ਦਿੱਤਾ ਜਾਵੇ। ਇਨਾਮ ਮਿਲਣ ਵਾਲਿਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ। ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਤਪਾਲ ਡਾਂਗ ਹੋਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ। ਗੱਲ ਕੇਂਦਰੀ ਗ੍ਰਹਿ ਵਿਭਾਗ ਵਿੱਚ ਪਹੁੰਚੀ। ਉਦੋਂ ਦੇ ਤਤਕਾਲੀਨ ਗ੍ਰਹਿ ਮੰਤਰੀ ਇੰਦਰਜੀਤ ਗੁਪਤਾ ਨੇ ਸਤਪਾਲ ਡਾਂਗ ਨੂੰ ਫੋਨ ਕੀਤਾ ਕਿ ਉਹ ਇਨਾਮ ਸਵੀਕਾਰ ਕਰ ਲੈਣ। ਸਤਪਾਲ ਡਾਂਗ ਨੇ ਫਿਰ ਨਾਂਹ ਕਰ ਦਿੱਤੀ। ਇੰਦਰਜੀਤ ਗੁਪਤਾ ਨੇ ਕਿਹਾ, ‘ਇਕ ਵਾਰੀ ਆ ਕੇ ਮਿਲ ਤੇ ਜਾਓ।’ ਸਤਪਾਲ ਡਾਂਗ ਮੇਰਠ ਆਏ ਹੋਏ ਸਨ। ਉਹ ਦਿੱਲੀ ਆਏ ਤੇ ਇੰਦਰਜੀਤ ਗੁਪਤਾ ਨੂੰ ਮਿਲੇ। ਇੰਦਰਜੀਤ ਗੁਪਤਾ ਨੇ ਫਿਰ ਇਸਰਾਰ ਕੀਤਾ ਕਿ ਉਹ ਇਨਾਮ ਲੈਣ ਤੋਂ ਨਾਂਹ ਨਾ ਕਰਨ। ਸਤਪਾਲ ਡਾਂਗ ਮੁਸਕਰਾਏ ਤੇ ਕਹਿਣ ਲੱਗੇ, ‘ਮੇਰਾ ਮਨ ’ਤੇ ਨਹੀਂ ਮੰਨਦਾ, ਪਰ ਜੇ ਕਾਮਰੇਡ ਇੰਦਰਜੀਤ ਕਹਿੰਦੇ ਨੇ ਤਾਂ ਮੈਂ ਨਾਂਹ ਨਹੀਂ ਕਰਾਂਗਾ।’
ਵਿਦਿਆਰਥੀ ਜੀਵਨ ਵਿਚ ਮਿਲੀ ਕਸ਼ਮੀਰਨ ਸਾਥੀ ਵਿਮਲਾ ਬਕਾਇਆ ਨਾਲ ਉਸਦੀ ਪ੍ਰੇਮ ਗਾਥਾ ਵੀ ਅਨੂਠੀ ਹੈ ਜਿਸ ਦੇ ਕੁਝ ਹਾਲ ਟਰੇਡ ਯੂਨੀਅਨਇਸਟ ਸਤੀਸ਼ ਲੂੰਬਾ ਦੀ ਧੀ ਅਨੀਆ ਲੂੰਬਾ ਜੋ ਪੈਨਸਿਲਵੇਨੀਆ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ, ਨੇ ਆਪਣੀ ਕਿਤਾਬ ‘ਇਨਕਲਾਬੀ ਖਾਹਿਸ਼ਾਂ’ (Revolutionary Desires) ਵਿਚ ਬੜੀ ਮਾਰਮਿਕਤਾ ਨਾਲ ਲਿਖੇ ਹਨ। ਪ੍ਰੇਮ ਤੇ ਸੰਘਰਸ਼ ਇਕ ਸੂਤਰ ਵਿਚ ਪਰੋਏ ਗਏ ਤੇ ਕੁਰਬਾਨੀ ਦੀ ਮਿਸਾਲ ਬਣੇ। ਕੁਝ ਹਾਲ ਵਿਮਲਾ ਡਾਂਗ ਨੇ ਆਪਣੀ ਕਿਤਾਬ ‘Fragments of an Autobiography’ ਵਿਚ ਵੀ ਲਿਖੇ ਹਨ।
ਛੇਹਰਟੇ ਤੇ ਅੰਮ੍ਰਿਤਸਰ ਵਿਚ ਸਤਪਾਲ ਡਾਂਗ ਨੇ ਮਜ਼ਦੂਰ ਲਹਿਰ ਨੂੰ ਜਥੇਬੰਦ ਕੀਤਾ ਅਤੇ ਵਿਮਲਾ ਡਾਂਗ ਨੇ ਔਰਤਾਂ ਨੂੰ। ਸਤਪਾਲ ਡਾਂਗ ਨੂੰ ਪ੍ਰਦੁਮਣ ਸਿੰਘ ਜਿਹੇ ਸਾਥੀ ਮਿਲੇ ਅਤੇ ਉਨ੍ਹਾਂ ਦੀ ਅਗਵਾਈ ਵਿਚ ਇਸ ਇਲਾਕੇ ਦੀਆਂ ਇਤਿਹਾਸਕ ਮਜ਼ਦੂਰ ਹੜਤਾਲਾਂ ਲੜੀਆਂ ਗਈਆਂ। ਮਜ਼ਦੂਰ ਲਹਿਰ ਦੇ ਨੈਣ ਨਕਸ਼ ਨਿੱਖਰੇ। ਸਤਪਾਲ ਡਾਂਗ ਕਈ ਵਰ੍ਹੇ ਛੇਹਰਟਾ ਮਿਉਂਸਿਪਲ ਕਮੇਟੀ ਦਾ ਪ੍ਰਧਾਨ ਰਿਹਾ। 1967 ਦੀ ਵਿਧਾਨ ਸਭਾ ਚੋਣ ਵਿਚ ਉਸ ਨੇ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫਿਰ ਨੂੰ ਹਰਾਇਆ। ਡਾਂਗ ਇਕ ਸਿਆਸਤਦਾਨ ਤੇ ਸਾਹਿਤਕਾਰ ਵਜੋਂ ਮੁਸਾਫਿਰ ਦਾ ਬਹੁਤ ਸਤਿਕਾਰ ਕਰਦਾ ਸੀ, ਪਰ ਇਹ ਲੜਾਈ ਸਿਆਸੀ ਸੀ। ਸੀਪੀਆਈ ਨੇ ਜਸਟਿਸ ਗੁਰਮੁਖ ਸਿੰਘ ਦੀ ਅਗਵਾਈ ਵਿਚ ਬਣੀ ਸਾਂਝੇ ਮੋਰਚੇ ਦੀ ਸਰਕਾਰ ਵਿਚ ਉਸ ਨੂੰ ਮੰਤਰੀ ਬਣਨ ਲਈ ਚੁਣਿਆ। ਗਦਰੀ ਕਾਮਰੇਡ ਤੇਜਾ ਸਿੰਘ ਸੁਤੰਤਰ ਨੇ ਉਹਨੂੰ ਮੰਤਰੀ ਬਣਾਏ ਜਾਣ ਦੀ ਹਮਾਇਤ ਕੀਤੀ ਸੀ। ਮੰਤਰੀ ਰਹਿੰਦਿਆਂ ਉਸ ਨੇ ਸਾਦਗੀ ਤੇ ਕਾਰਜਕੁਸ਼ਲਤਾ ਦੀ ਮਿਸਾਲ ਕਾਇਮ ਕੀਤੀ।
ਬਾਅਦ ਵਿਚ ਸੀਪੀਆਈ ਤੇ ਕਾਂਗਰਸ ਨੇ ਇਕੱਠੇ ਹੋ ਕੇ ਚੋਣਾਂ ਲੜੀਆਂ। ਡਾਂਗ ਫਿਰ ਜਿੱਤਿਆ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਭਾਅਜੀ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਦੱਸਦੀ ਹੈ ਕਿ ਬਲਰਾਜ ਸਾਹਨੀ ਭਾਅਜੀ ਦੇ ਘਰ ਠਹਿਰਿਆ ਹੋਇਆ ਸੀ। ਸ਼ਾਮ ਵੇਲੇ ਗੁਰਸ਼ਰਨ ਸਿੰਘ ਤੇ ਬਲਰਾਜ ਸਾਹਨੀ ਸਤਪਾਲ ਡਾਂਗ ਦੇ ਕਾਂਗਰਸ ਦੇ ਇਕ ਨੇਤਾ ਨਾਲ ਮੰਚ ਸਾਂਝਾ ਕਰਨ ਬਾਰੇ ਬਹਿਸ ਪਏੇ। ਗੁਰਸ਼ਰਨ ਸਿੰਘ ਹੋਰੀਂ ਉੱਚੀ ਉੱਚੀ ਬੋਲੇ। ਸਵੇਰੇ ਉੱਠੇ ਤਾਂ ਬਲਰਾਜ ਸਾਹਨੀ ਘਰ ਨਹੀਂ ਸੀ। ਭਾਅਜੀ ਦੀ ਪਤਨੀ ਕੈਲਾਸ਼ ਕੌਰ ਨੇ ਰੋਸ ਕੀਤਾ ਕਿ ਗੁਰਸ਼ਰਨ ਸਿੰਘ ਨੇ ਉੱਚੀ ਉੱਚੀ ਬੋਲ ਕੇ ਬਲਰਾਜ ਨੂੰ ਨਾਰਾਜ਼ ਕਰ ਦਿੱਤਾ ਸੀ ਤੇ ਉਹ ਰੁੱਸ ਕੇ ਕਿਤੇ ਚਲਾ ਗਿਆ ਸੀ। ਅੱਠ ਕੁ ਵਜੇ ਬਲਰਾਜ ਸਾਹਨੀ ਕਿਸੇ ਦੇ ਸਕੂਟਰ ’ਤੇ ਬੈਠਾ ਗੁਰਸ਼ਰਨ ਸਿੰਘ ਦੇ ਘਰ ਵਾਪਸ ਆ ਗਿਆ। ਭਾਅਜੀ ਦੇ ਪੁੱਛਣ ’ਤੇ ਬਲਰਾਜ ਸਾਹਨੀ ਨੇ ਦੱਸਿਆ ਕਿ ਉਹ ਸਤਪਾਲ ਡਾਂਗ ਹੋਰਾਂ ਨੂੰ ਮਿਲਣ ਗਿਆ ਸੀ। ਨਵਸ਼ਰਨ ਅਨੁਸਾਰ ਕੈਲਾਸ਼ ਕੌਰ ਦੱਸਦੇ ਹਨ ਕਿ ਗੁਰਸ਼ਰਨ ਸਿੰਘ ਸਤਪਾਲ ਡਾਂਗ ਹੋਰਾਂ ਨੂੰ ਆਪਣੇ ਗੁਰੂ ਵਾਂਗ ਮੰਨਦੇ ਸਨ ਤੇ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ।
1980ਵਿਆਂ ਵਿਚ ਉਸ ਨੇ ਖਾੜਕੂਵਾਦ ਵਿਰੁੱਧ ਸਟੈਂਡ ਲਿਆ। ਇਸ ਦੇ ਨਾਲ ਨਾਲ ਹੀ ਉਸ ਨੇ 1993 ਵਿਚ ਵਲਟੋਹਾ ਪੁਲੀਸ ਵੱਲੋਂ ਸਿਵਲ ਹਸਪਤਾਲ ਪੱਟੀ ’ਚ ਇਕ ਲਾਸ਼ ਵਜੋਂ ਲਿਆਂਦੇ ਗਏ ਸਰਬਜੀਤ ਸਿੰਘ (ਜੋ ਜੀਉਂਦਾ ਸੀ) ਨੂੰ ਹਸਪਤਾਲ ਤੋਂ ਦੁਬਾਰਾ ਲਿਜਾ ਕੇ ਫ਼ਰਜ਼ੀ ਮੁਕਾਬਲਾ ਕੀਤੇ ਜਾਣ ਵਾਲੇ ਕੇਸ ਦੀ ਪੈਰਵੀ ਕੀਤੀ। ਪੁਰਾਣਾ ਕਾਮਰੇਡ ਮਹਾਂਬੀਰ ਸਿੰਘ ਦੱਸਦਾ ਹੈ ਕਿ ਪੁਲੀਸ ਦਹਿਸ਼ਤ ਦੇ ਉਨ੍ਹਾਂ ਸਮਿਆਂ ਵਿਚ ਡਾਂਗ ਨੇ ਕੇਸ ਦੀ ਡਟ ਕੇ ਪੈਰਵੀ ਕੀਤੀ ਅਤੇ ਡਾਂਗ ਹੋਰਾਂ ਦੁਆਰਾ ਕੇਸ ਉਠਾਉਣ ਕਰ ਕੇ ਸੁਪਰੀਮ ਕੋਰਟ ਨੇ ਇਸ ਦਾ ਸੂਓ ਮੋਟੋ ਨੋਟਿਸ ਲਿਆ। ਇਸ ਕੇਸ ਵਿਚ ਪੁਲੀਸ ਅਧਿਕਾਰੀ ਨੂੰ ਉਮਰ ਕੈਦ ਦੀ ਸਜ਼ਾ ਮਿਲੀ। ਇਹ ਗੱਲ 1977 ਦੀਆਂ ਵਿਧਾਨ ਸਭਾ ਚੋਣਾਂ ਦੀ ਹੈ। ਸਤਪਾਲ ਡਾਂਗ ਹੋਰੀਂ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਦਰਜਾ ਚਾਰ ਮੁਲਾਜ਼ਮਾਂ ਦੀ ਮੀਟਿੰਗ ਕਰ ਰਹੇ ਸਨ। ਪੰਜਾਬ ਸਟੂਡੈਂਟਸ ਯੂਨੀਅਨ ਦਾ ਆਗੂ ਧਰਮਵੀਰ ਗਾਂਧੀ ਵੀ ਮੀਟਿੰਗ ਵਿਚ ਆਇਆ ਤੇ ਉਸਨੇ ਕਿਹਾ ਕਿ ਉਹ ਡਾਂਗ ਸਾਹਬ ਦਾ ਆਦਰ ਕਰਦਾ ਹੈ, ਪਰ ਉਹ ਚੋਣਾਂ ਦੇ ਨਿਜ਼ਾਮ ਦੇ ਪੱਖ ਵਿਚ ਨਹੀਂ। ਸਤਪਾਲ ਡਾਂਗ ਨੇ ਬੜੇ ਤਹੰਮਲ ਨਾਲ ਕਿਹਾ, ‘ਧਰਮਵੀਰ, ਇਹ ਮੀਟਿੰਗ ਮੈਂ ਸੱਦੀ ਹੈ। ਏਥੇ ਮੈਂ ਆਪਣੀ ਲਾਈਨ ਦੇਣੀ ਹੈ। ਤੂੰ ਆਪਣੀ ਲਾਈਨ (ਸੇਧ) ਦਾ ਪ੍ਰਚਾਰ ਕਰਨ ਲਈ ਵੱਖਰੀ ਮੀਟਿੰਗ ਬੁਲਾ ਲੈ।’ ਉੱਘੇ ਚਿੰਤਕ ਹਰੀਸ਼ ਪੁਰੀ ਦੇ ਸ਼ਬਦਾਂ ਵਿਚ, ‘ਸਤਪਾਲ ਡਾਂਗ ਇੰਤਹਾ ਦੀ ਇਮਾਨਦਾਰੀ ਨਾਲ ਲੋਕਾਂ ਦੇ ਦੁੱਖ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਾ ਤੇ ਲੋਕਾਂ ਦੇ ਹੱਕ ਵਿਚ ਖੜ੍ਹਾ ਹੋਣ ਵਾਲਾ ਆਦਮੀ ਸੀ। ਉਸਨੇ ਕਦੇ ਸਮਝੌਤਾ ਨਹੀਂ ਕੀਤਾ। ‘‘ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜਦੋਂ ਸੋਵੀਅਤ ਯੂਨੀਅਨ ਨੇ 1968 ਵਿਚ ਚੈਕੋਸਲੋਵਾਕੀਆ ਵਿਚ ਫ਼ੌਜਾਂ ਭੇਜੀਆਂ ਸਨ ਤਾਂ ਸਤਪਾਲ ਡਾਂਗ ਨੇ ਭੂਪੇਸ਼ ਗੁਪਤਾ ਤੇ ਹੋਰਨਾਂ ਨਾਲ ਮਿਲ ਕੇ ਸੀਪੀਆਈ ਦੀ ਪਾਰਟੀ ਕਾਂਗਰਸ ਵਿਚ ਸੋਵੀਅਤ ਯੂਨੀਅਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ। ਹਰੀਸ਼ ਪੁਰੀ ਅਨੁਸਾਰ, ‘ਉਸਨੇ ਵਿਰੋਧੀਆਂ ਦਾ ਵਿਰੋਧ ਕਰਦਿਆਂ ਕਦੇ ਵੀ ਅਦਬ ਦਾ ਪੱਲਾ ਨਹੀਂ ਸੀ ਛੱਡਿਆ। ਉਸ ’ਚ ਲੋਕਾਂ ਦੇ ਦੁੱਖ ਨੂੰ ਸਮਝਣ ਦੀ ਵੱਡੀ ਸਮਰੱਥਾ ਸੀ।’’
ਹਿੰਦੋਸਤਾਨ ਭਰ ਵਿਚ ਉਸਦਾ ਵੱਡਾ ਸਤਿਕਾਰ ਸੀ ਅਤੇ ਬਹੁਤ ਸਾਰੇ ਲੋਕਾਂ ਕੋਲ ਡਾਂਗ ਦੀਆਂ ਯਾਦਾਂ ਹਨ। ਦੀਪਕ ਧਵਨ (ਜਿਸਨੂੰ ਅਤਿਵਾਦੀਆਂ ਨੇ ਮਾਰ ਦਿੱਤਾ) ਕਹਿੰਦਾ ਹੁੰਦਾ ਸੀ ਕਿ ਭਾਸ਼ਨ ਦੇਣ ਦਾ ਵੱਲ ਕੋਈ ਸਤਪਾਲ ਡਾਂਗ ਤੋਂ ਸਿੱਖੇ; ਸਾਫ਼, ਸਰਲ ਤਿੱਖੀ ਪੰਜਾਬੀ, ਵਿਚ ਵਿਚ ਕੋਈ ਕੋਈ ਸ਼ਬਦ ਉਰਦੂ ਫ਼ਾਰਸੀ ਦਾ, ਸਪੱਸ਼ਟ ਤੱਥ, ਤਰਾਸ਼ੇ ਹੋਏ ਨੁਕਤੇ। ਇਹ ਲਾਸਾਨੀ ਬੰਦਾ 15 ਜੂਨ 2013 ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਦੇ ਆਖਰੀ ਸਾਲ ਕੁਝ ਔਖੇ ਗੁਜ਼ਰੇ।
ਛੇਹਰਟੇ ਰਹਿ ਕੇ ਮਜ਼ਦੂਰਾਂ ਨੂੰ ਕੀਤਾ ਜਥੇਬੰਦ
ਪੰਜਾਬ ਦੀ ਵਿਦਿਆਰਥੀ ਲਹਿਰ ਦਾ ਇਹ ਆਗੂ 25 ਸਾਲ ਦੀ ਉਮਰ ਵਿਚ ਸਰਬ ਹਿੰਦ ਵਿਦਿਆਰਥੀ ਫੈਡਰੇਸ਼ਨ (All India Students Fedration: AISF) ਦਾ ਜਨਰਲ ਸਕੱਤਰ ਬਣ ਗਿਆ। ਬਾਅਦ ਵਿਚ ਉਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਕਾਰਜ ਕੀਤਾ। ਵਿਦੇਸ਼ੋਂ ਪਰਤਿਆ ਤਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਦਿੱਲੀ ਵਿਚ ਪਾਰਟੀ ਲਈ ਕੇਂਦਰੀ ਪੱਧਰ ’ਤੇ ਕੰਮ ਕਰਨ ਲਈ ਕਿਹਾ, ਪਰ ਸਤਪਾਲ ਡਾਂਗ ਦੀ ਇੱਛਾ ਮਜ਼ਦੂਰ ਲਹਿਰ ਨਾਲ ਜੁੜਨ ਦੀ ਸੀ। ਬੀਟੀ ਰੰਧੀਵੇ ਨੇ ਕਿਹਾ ਕਿ ਉਹ ਛੇਹਰਟੇ ਚਲਾ ਜਾਵੇ ਤੇ ਉੱਥੇ ਮਜ਼ਦੂਰਾਂ ਨੂੰ ਜਥੇਬੰਦ ਕਰੇ। ਏਦਾਂ ਸਤਪਾਲ ਡਾਂਗ ਛੇਹਰਟੇ ਆ ਗਿਆ ਤੇ ਸਾਰੀ ਉਮਰ ਛੇਹਰਟੇ ਦਾ ਹੋ ਕੇ ਰਿਹਾ।