ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 26 ਨਵੰਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਰਾਜਪਾਲ ਨੂੰ ਮੈਨੇਜਰ ਭਗਵੰਤ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਪਰਨਾਮ ਸਿੰਘ ਤੇ ਵਧੀਕ ਮੈਨੇਜਰ ਹਰਦੇਵ ਸਿੰਘ ਨੇ ਸਿਰੋਪਾ ਅਤੇ ਤਖਤ ਸਾਹਿਬ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ। ਰਾਜਪਾਲ ਪੁਰੋਹਿਤ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਸੰਗਤ ’ਚ ਬੈਠ ਕੇ ਲੰਗਰ ਛਕਿਆ। ਸ੍ਰੀ ਆਨੰਦਪੁਰ ਸਾਹਿਬ ਦੀ ਪਲੇਠੀ ਫੇਰੀ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ’ਚ ਜਾ ਕੇ ਤਖਤ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਜਾਣ, ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ। ਸ੍ਰੀ ਪੁਰੋਹਿਤ ਫੇਰੀ ਦੌਰਾਨ ਵਿਰਾਸਤ-ਏ-ਖਾਲਸਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮਿਊਜ਼ੀਅਮ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ 550 ਸਾਲਾਂ ਦਾ ਇਤਿਹਾਸ ਅਤੇ ਸਿੱਖ ਧਰਮ ਦੀਆਂ ਵੱਖ-ਵੱਖ ਘਟਨਾਵਾਂ ਨੂੰ ਜਿਸ ਬਾਖੂਬੀ ਨਾਲ ਦਰਸਾਇਆ ਗਿਆ ਹੈ, ਉਸ ਦਾ ਵਿਸ਼ੇਸ਼ ਮਹੱਤਵ ਹੈ। ਵਿਰਾਸਤ-ਏ-ਖਾਲਸਾ ਦੇ ਬਿਹਤਰੀਨ ਰੱਖ-ਰਖਾਅ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਮਿਊਜ਼ੀਅਮ ਇੱਕ ਪ੍ਰੇਰਨਾ ਸਰੋਤ ਹੈ।
ਉਨ੍ਹਾਂ ਵਿਰਾਸਤ-ਏ-ਖਾਲਸਾ ਦੀ ਵਿਜ਼ਟਰ ਬੁੱਕ ’ਤੇ ਦੌਰੇ ਦੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐੱਮ ਬਾਲਾ ਮੁਰਗਨ, ਏ.ਡੀ.ਸੀ(ਐਮ), ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਡੀਐੱਮ ਕੇਸ਼ਵ ਗੋਇਲ ਵੀ ਹਾਜ਼ਰ ਸਨ।