ਚਰਨਜੀਤ ਭੁੱਲਰ
ਚੰਡੀਗੜ੍ਹ, 25 ਸਤੰਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨਾਲ ਬਣਿਆ ਟਕਰਾਅ ਖਤਮ ਕਰਦਿਆਂ ਅੱਜ ਪੰਜਾਬ ਵਿਧਾਨ ਸਭਾ ਦਾ ਤੀਜਾ ਸੈਸ਼ਨ ਬੁਲਾਏ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ 27 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਉਸ ਤੋਂ ਪਹਿਲਾਂ ਭਲਕੇ 26 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸ਼ਾਮ ਚਾਰ ਵਜੇ ਕੈਬਨਿਟ ਮੀਟਿੰਗ ਹੋਵੇਗੀ ਜਿਸ ’ਚ ਤੀਜੇ ਸੈਸ਼ਨ ’ਚ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਿਖਤੀ ਤੌਰ ’ਤੇ ਕਿਹਾ ਹੈ ਕਿ ‘ਭਾਰਤੀ ਸੰਵਿਧਾਨ ਦੇ ਅਨੁਛੇਦ 174 ਦੀ ਧਾਰਾ (1) ਦੇ ਆਧਾਰ ’ਤੇ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਉਹ 27 ਸਤੰਬਰ ਨੂੰ ਸਵੇਰੇ 11 ਵਜੇ ਸੈਸ਼ਨ ਬੁਲਾ ਰਹੇ ਹਨ।’ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਹੁਣ ਵਿਸ਼ੇਸ਼ ਸੈਸ਼ਨ ਨਹੀਂ ਬਲਕਿ ਆਮ ਇਜਲਾਸ ਹੋਵੇਗਾ। ਇਸ ਤੋਂ ਪਹਿਲਾਂ ਵਿਸ਼ੇਸ਼ ਇਜਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਹਮੋ ਸਾਹਮਣੇ ਹੋ ਗਏ ਸਨ। ਮੁੱਖ ਵਿਰੋਧੀ ਧਿਰ ਪੂਰੀ ਤਰ੍ਹਾਂ ਰਾਜਪਾਲ ਦੀ ਹਮਾਇਤ ’ਚ ਡਟ ਗਈ ਸੀ। ‘ਆਪ’ ਸਰਕਾਰ ਪਹਿਲਾਂ 22 ਸਤੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾ ਕੇ ਭਰੋਸੇ ਦਾ ਵੋਟ ਲੈਣਾ ਚਾਹੁੰਦੀ ਸੀ ਜਿਸ ਕਰਕੇ ਰਾਜਪਾਲ ਨੇ ਸੈਸ਼ਨ ਨੂੰ ਪਹਿਲਾਂ ਪ੍ਰਵਾਨਗੀ ਦੇ ਦਿੱਤੀ ਅਤੇ ਜਦੋਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਬਾਰੇ ਪੱਤਰ ਲਿਖੇ ਤਾਂ ਰਾਜਪਾਲ ਨੇ ਮਨਜ਼ੂਰੀ ਰੱਦ ਕਰ ਦਿੱਤੀ ਸੀ। ਰਾਜਪਾਲ ਨੇ ਸੁਆਲ ਕੀਤੇ ਸਨ ਕਿ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਲਈ ਮੁੱਦਿਆਂ ਦਾ ਜ਼ਿਕਰ ਨਹੀਂ ਹੈ ਅਤੇ ਵਿਸ਼ਵਾਸ ਮਤ ਲਿਆਉਣ ਲਈ ਵਿਧਾਨ ਸਭਾ ਦੇ ਨਿਯਮਾਂ ’ਚ ਕੋਈ ਵਿਵਸਥਾ ਨਹੀਂ ਹੈ। ਉਸ ਦੇ ਜੁਆਬ ਵਿਚ ਸਰਕਾਰ ਨੇ ਬਿਜਲੀ ਤੇ ਪਰਾਲੀ ਦੇ ਮੁੱਦਿਆਂ ਦਾ ਹਵਾਲਾ ਦੇ ਦਿੱਤਾ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਪਹਿਲੇ ਦਿਨ ਇਜਲਾਸ ਨੂੰ ਮੁੱਦਿਆਂ ਤੱਕ ਸੀਮਤ ਰੱਖੇਗੀ ਅਤੇ ਦੂਸਰੇ ਦਿਨ ਕਿਸੇ ਢੰਗ ਨਾਲ ਵੋਟਿੰਗ ਦਾ ਸੁਆਲ ਉਠਾ ਕੇ ਭਰੋਸੇ ਦਾ ਵੋਟ ਹਾਸਲ ਕਰ ਸਕਦੀ ਹੈ। ਪਤਾ ਲੱਗਾ ਹੈ ਕਿ ਭਲਕ ਦੀ ਕੈਬਨਿਟ ਮੀਟਿੰਗ ਵਿਚ ਆਬਕਾਰੀ ਅਤੇ ਪੇਂਡੂ ਵਿਕਾਸ ਨਾਲ ਸਬੰਧਤ ਕਈ ਬਿੱਲ ਆ ਸਕਦੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦਫ਼ਤਰ ਅਤੇ ਰਾਜ ਭਵਨ ਦੇ ਅਧਿਕਾਰੀਆਂ ਨੇ ਆਪਸੀ ਤਾਲਮੇਲ ਬਣਾ ਕੇ ਮੌਜੂਦਾ ਸੰਕਟ ਤੇ ਟਕਰਾਅ ਟਾਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਭ ਵਿਰੋਧੀ ਧਿਰਾਂ ਇਸ ਮਾਮਲੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਇਕਜੁੱਟ ਸਨ ਜਦਕਿ ‘ਆਪ’ ਸਰਕਾਰ ਨੇ ਰਾਜਪਾਲ ਦੀ ਭੂਮਿਕਾ ਦੀ ਨਿੰਦਾ ਕੀਤੀ ਤੇ ਇਨ੍ਹਾਂ ਕਦਮਾਂ ਨੂੰ ਗੈਰ ਜਮਹੂਰੀ ਦੱਸਿਆ ਗਿਆ। ‘ਆਪ’ ਸਰਕਾਰ ਨੇ ਸੁਪਰੀਮ ਕੋਰਟ ਜਾਣ ਦੀ ਵੀ ਧਮਕੀ ਦਿੱਤੀ ਸੀ।
ਸੰਸਦ ਵਿੱਚ 12 ਵਾਰ ਆਇਆ ‘ਵਿਸ਼ਵਾਸ ਮਤ’
ਵਿਰੋਧੀ ਧਿਰਾਂ ਵੱਲੋਂ ਰੌਲਾ ਪਾਇਆ ਗਿਆ ਕਿ ‘ਵਿਸ਼ਵਾਸ ਮਤ’ ਹਾਸਲ ਕਰਨ ਲਈ ਵਿਧਾਨ ਸਭਾ ਰੂਲਜ਼ ਵਿੱਚ ਕੋਈ ਵਿਵਸਥਾ ਨਹੀਂ ਹੈ ਜਦਕਿ ਹਾਕਮ ਧਿਰ ਦਾ ਕਹਿਣਾ ਸੀ ਕਿ ਜਦੋਂ ਰੂਲਜ਼ ਚੁੱਪ ਹੋਣ ਤਾਂ ਉਦੋਂ ਸੰਸਦ ਨੂੰ ਆਧਾਰ ਬਣਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸੰਸਦ ਵਿੱਚ ਹੁਣ ਤੱਕ 12 ਵਾਰ ਵਿਸ਼ਵਾਸ ਮਤ ਦਾ ਮਤਾ ਸਰਕਾਰ ਵੱਲੋਂ ਲਿਆਂਦਾ ਜਾ ਚੁੱਕਾ ਹੈ। ਭਰੋਸੇ ਦਾ ਵੋਟ ਹਾਸਲ ਕਰਨ ਦਾ ਸੁਆਲ ਸਰਕਾਰਾਂ ਲਈ 1996 ਤੋਂ 1999 ਦਰਮਿਆਨ ਖੜ੍ਹਾ ਹੋਇਆ। ਝਾਰਖੰਡ ਸਰਕਾਰ ਵੀ 5 ਸਤੰਬਰ ਨੂੰ ਅਜਿਹਾ ਵਿਸ਼ਵਾਸ ਮਤ ਹਾਸਲ ਕਰ ਚੁੱਕੀ ਹੈ ਅਤੇ ਦਿੱਲੀ ਸਰਕਾਰ ਵੀ ਭਰੋਸੇ ਦਾ ਵੋਟ ਪ੍ਰਾਪਤ ਕਰ ਚੁੱਕੀ ਹੈ।
ਸਾਡੀ ਬੇਨਤੀ ਪ੍ਰਵਾਨ ਹੋਈ: ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਟਵੀਟ ਕਰਕੇ ਕਿਹਾ, ‘ਮਾਣਯੋਗ ਰਾਜਪਾਲ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਤੀਜਾ ਸੈਸ਼ਨ 27 ਸਤੰਬਰ ਨੂੰ 11 ਵਜੇ ਬੁਲਾਏ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ।’
‘ਆਪ’ ਕਾਨੂੰਨ ਦੇ ਸ਼ਾਸਨ ਤੋਂ ਅਣਜਾਣ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ‘ਆਪ’ ਸਰਕਾਰ ਨੂੰ ਸੰਵਿਧਾਨਿਕ ਹੋਸ਼ ਵਿੱਚ ਲਿਆਏ ਜਾਣ ਦੀ ਸ਼ਲਾਘਾ ਕੀਤੀ ਹੈ ਕਿਉਂਕਿ ‘ਆਪ’ ਦੇ ਵਿਧਾਇਕ ਤੇ ਮੰਤਰੀ ਭੁੱਲ ਚੁੱਕੇ ਜਾਂ ਅਣਜਾਣ ਸਨ ਕਿ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਨਾਕਾਮੀ ਤੋਂ ਸਬਕ ਸਿੱਖੇਗੀ ਅਤੇ ਸੰਵਿਧਾਨਿਕ ਤੇ ਕਾਨੂੰਨੀ ਮਾਮਲਿਆਂ ਵਿਚ ਝੂਠੇ ਹੰਕਾਰ ’ਤੇ ਜ਼ੋਰ ਦੇ ਕੇ ਮਿਲੇ ਅਪਮਾਨ ਤੋਂ ਬਚੇਗੀ।