ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਅਗਸਤ
ਭੋਤਨਾ ਖ਼ੁਦਕੁਸ਼ੀ ਪਰਿਵਾਰ ਦੀ ਮਦਦ ਲਈ ਪੰਜਾਬ ਸਰਕਾਰ ਦਾ ਖਜ਼ਾਨਾ ਛੋਟਾ ਪੈ ਗਿਆ ਪਰ ਪਰਵਾਸੀ ਪੰਜਾਬੀਆਂ ਤੇ ਸਮਾਜ ਸੇਵੀਆਂ ਵੱਲੋਂ ਪਰਿਵਾਰ ਦਾ ਕਰਜ਼ਾ ਲਾਹੁਣ ਲਈ ਜ਼ੋਰ ਅਜ਼ਮਾਈ ਜਾਰੀ ਹੈ। ਭੋਤਨਾ ਦੇ ਇੱਕੋ ਪਰਿਵਾਰ ਦੀਆਂ ਚਾਰ ਪੀੜੀਆਂ ਦੇ ਪੰਜ ਜੀਅ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਪਰਿਵਾਰ ਦਾ ਇਕਲੌਤਾ ਵੰਸ਼ 22 ਸਾਲਾ ਲਵਪ੍ਰੀਤ ਸਿੰਘ ਸਤੰਬਰ 2019 ਵਿੱਚ ਖ਼ੁਦਕੁਸ਼ੀ ਕਰ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ’ਚ ਸਿਰਫ਼ ਲਵਪ੍ਰੀਤ ਦੀ ਮਾਂ ਤੇ ਭੈਣ ਹੀ ਰਹਿ ਰਹੀਆਂ ਹਨ। ਸਿਰ ਤੋਂ ਕਰਜ਼ੇ ਦੀ ਪੰਡ ਲਾਹੁਣ ਲਈ ਪਰਿਵਾਰ ਵੱਲੋਂ ਹੁਣ ਘਰ ਦੇ ਸੰਦ ਅਤੇ ਪਸ਼ੂ ਵੀ ਵੇਚਣੇ ਸ਼ੁਰੂ ਕਰ ਦਿੱਤੇ ਗਏ ਸਨ। ਸੂਬਾ ਸਰਕਾਰ ਦੇ ਅਜੇ ਤੱਕ ਕੰਨ ’ਤੇ ਜੂੰ ਨਹੀਂ ਸਰਕੀ ਅਤੇ ਪਰਿਵਾਰ ਨੂੰ ਕੋਈ ਮੁਆਵਜ਼ਾ ਜਾਂ ਕਰਜ਼ਾ ਮੁਆਫ਼ੀ ਨਹੀਂ ਦਿੱਤੀ ਗਈ।
ਲਵਪ੍ਰੀਤ ਦੀ ਮੌਤ ਸਮੇਂ ਪਰਿਵਾਰ ਸਿਰ ਕਰੀਬ ਸਾਢੇ 12 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਲਾਹੁਣ ਲਈ ਹੁਣ ਸਮਾਜ ਸੇਵੀ ਅਤੇ ਪਰਵਾਸੀ ਪੰਜਾਬੀ ਅੱਗੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਮੁਹਾਲੀ ਦੇ ਵਸਨੀਕ ਡਾ. ਜੇਐੱਸ ਭਾਟੀਆ ਵੱਲੋਂ ਪਰਿਵਾਰ ਨੂੰ 3 ਲੱਖ ਦੀ ਮੱਦਦ ਕਰ ਕੇ ਉਨ੍ਹਾਂ ਦੀ ਆੜ੍ਹਤੀਏ ਤੋਂ ਗਹਿਣੇ ਪਈ ਇੱਕ ਏਕੜ ਜ਼ਮੀਨ ਛੁਡਵਾ ਕੇ ਦਿੱਤੀ ਗਈ। ਹੁਣ ਕੈਨੇਡਾ ਰਹਿੰਦੇ ਪਰਵਾਸੀ ਪੰਜਾਬੀਆਂ ਵੱਲੋਂ ਪਰਿਵਾਰ ਦੀ ਬੈਂਕ ਦੀ ਲਿਮਟ ’ਤੇ ਲਕੀਰ ਮਰਵਾਈ ਗਈ ਹੈ।
ਪਰਿਵਾਰ ਦੀ ਮਦਦ ਲਈ ਸਹਾਰਾ ਬਣੇ ਰਣਵੀਰ ਰਾਣਾ ਨੇ ਦੱਸਿਆ ਕਿ ਜਗਰਾਉਂ ਦੇ ਕੈਨੇਡਾ ਦੇ ਵਿਨੀਪੈੱਗ ’ਚ ਰਹਿੰਦੇ ਨੌਜਵਾਨ ਨੇ ਪਰਿਵਾਰ ਨੂੰ ਮੱਦਦ ਭੇਜੀ ਹੈ। ਉਨ੍ਹਾਂ ਵੱਲੋਂ 1 ਲੱਖ 70 ਹਜ਼ਾਰ ਦੀ ਸਹਾਇਤਾ ਪਰਿਵਾਰ ਦੇ ਸਿੱਧੇ ਬੈਂਕ ਖਾਤੇ ’ਚ ਭੇਜੀ ਹੈ। ਇਸ ਤੋਂ ਇਲਾਵਾ 10 ਰੁਪਏ ਦੀ ਮੱਦਦ ਬੁਨਿਆਦ ਸੰਸਥਾ ਵੱਲੋਂ ਭੇਜੀ ਗਈ ਹੈ ਜਿਸ ਨਾਲ ਪਰਿਵਾਰ ਦਾ ਪੰਜਾਬ ਐਂਡ ਸਿੰਧ ਬੈਂਕ ਦਾ 1 ਲੱਖ 81 ਹਜ਼ਾਰ ਦਾ ਕਰਜ਼ਾ ਲਹਿ ਸਕਿਆ ਹੈ। ਇਸ ਦਾ ਕਲੀਅਰੈਂਸ ਸਰਟੀਫਿਕੇਟ ਪਰਿਵਾਰ ਨੂੰ ਦਿੱਤਾ ਜਾ ਚੁੱਕਾ ਹੈ। ਪਰਿਵਾਰ ਦੀ ਮੁਖੀ ਹਰਪਾਲ ਕੌਰ ਨੇ ਦੱਸਿਆ ਕਿ ਬੈਂਕ ਦਾ ਇਹ ਕਰਜ਼ਾ 1 ਲੱਖ 51 ਹਜ਼ਾਰ ਲਿਆ ਸੀ। ਸਰਕਾਰ ਦੀ ਕਰਜ਼ਾ ਮੁਆਫ਼ੀ ਦੀ ਝਾਕ ’ਚ ਇਹ ਕਰਜ਼ਾ ਨਾ ਮੋੜਿਆ, ਜਿਸ ਕਾਰਨ 30 ਹਜ਼ਾਰ ਵਿਆਜ਼ ਸਮੇਤ ਹੁਣ ਭਰਨਾ ਪਿਆ ਹੈ। ਇਸ ਤੋਂ ਪਹਿਲਾਂ 11 ਹਜ਼ਾਰ ਵਿਆਜ਼ ਹੋਰ ਭਰ ਚੁੱਕੇ ਹਾਂ।
ਉਨ੍ਹਾਂ ਦੱਸਿਆ ਕਿ ਹੁਣ ਪਰਿਵਾਰ ਸਿਰਫ਼ ਬਰਨਾਲਾ ਦੀ ਮਿੱਡਲੈਂਡ ਬੈਂਕ ਦਾ ਕਰੀਬ 80 ਹਜ਼ਾਰ ਦਾ ਕਰਜ਼ਾ, 35 ਹਜ਼ਾਰ ਸਹਿਕਾਰੀ ਸਭਾ ਦਾ ਅਤੇ 3 ਲੱਖ 12 ਹਜ਼ਾਰ ਰੁਪਏ ਆੜਤੀਏ ਦਾ ਕਰਜ਼ਾ ਬਾਕੀ ਰਹਿੰਦਾ ਹੈ। ਹੁਣ ਤੱਕ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਕੋਈ ਕਿਸੇ ਕਿਸਮ ਦੀ ਕਰਜ਼ਾ ਮੁਆਫ਼ੀ ਦਿੱਤੀ ਗਈ ਹੈ। ਲੀਡਰ ਅਤੇ ਅਧਿਕਾਰੀ ਘਰ ’ਚ ਬਹੁਤ ਵਾਰ ਆਏ, ਪਰ ਕੋਈ ਮੱਦਦ ਨਹੀਂ ਮਿਲੀ। ਮੱਦਦ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾ ਕੇ ਵੀ ਥੱਕ ਚੁੱਕੇ ਹਨ। ਉਨ੍ਹਾਂ ਮੱਦਦ ਲਈ ਰਣਵੀਰ ਰਾਣਾ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।