ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਅਗਸਤ
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਘਰ, ਲਾਇਬ੍ਰੇਰੀ ਅਤੇ ਸ਼ਹਿਰ ਦੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ 1.62 ਕਰੋੜ ਦੀ ਗਰਾਂਟ ਜਾਰੀ ਕੀਤੀ ਗਈ ਹੈ। ਅੱਜ ਲਾਲਾ ਜੀ ਦੇ ਜੱਦੀ ਘਰ ਦਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੇ ਕਈ ਵਾਰ ਸੂਬਾ ਅਤੇ ਕੇਂਦਰ ਸਰਕਾਰ ਨੂੰ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ਅਤੇ ਉਨ੍ਹਾਂ ਦੇ ਪੁਸ਼ਤੈਨੀ ਘਰ ਦੀ ਸਾਰ ਲੈਣ ਦੀ ਅਪੀਲ ਕੀਤੀ ਸੀ ਪਰ ਸਰਕਾਰਾਂ ਨੇ ਸਾਰ ਨਹੀਂ ਲਈ। ਡੀਸੀ ਨੇ ਕਿਹਾ ਕਿ ਸਰਕਾਰ ਆਉਂਦੇ ਦਿਨਾਂ ’ਚ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ ਕਰੇਗੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਵੇਗਾ।
ਏ.ਡੀ.ਸੀ. ਨਯਨ ਜੱਸਲ ਅਤੇ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਅਨੁਸਾਰ ਗਰਾਂਟ ਦੋ ਹਿੱਸਿਆਂ ’ਚ ਜਾਰੀ ਕੀਤੀ ਗਈ ਹੈ, ਪਹਿਲਾਂ 1.57 ਕਰੋੜ ਦਿੱਤੇ ਗਏ ਤੇ ਹੁਣ 5 ਲੱਖ ਰੁਪਏ ਹੋਰ ਭੇਜੇ ਗਏ ਹਨ। ਡੀਸੀ ਨੇ ਆਖਿਆ ਕਿ ਲਾਇਬਰੇਰੀ ਅਤੇ ਲਾਲਾ ਜੀ ਦੇ ਘਰ ਦੀ ਸੰਭਾਲ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਏਡੀਸੀ ਤੇ ਐਸਡੀਐਮ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਗਰਾਂਟ ਦੇ ਖਰਚ ਕਰਨ ਸਬੰਧੀ ਸਾਰਾ ਬਿਓਰਾ ਆਉਂਦੇ ਦਿਨਾਂ ’ਚ ਸਾਂਝਾ ਕਰਨ ਬਾਰੇ ਆਖਿਆ। ਇਸ ਮੌਕੇ ਅਗਰਸੈਨ ਸਮਿਤੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਇਹ ਮੁੱਦਾ ਵਿਧਾਨ ਸਭਾ ’ਚ ਉਠਾਉਣ ਦੀ ਸ਼ਲਾਘਾ ਕੀਤੀ ਗਈ।